- ਤਿੰਨ ਰੋਜ਼ਾ ਖੇਡ ਮੇਲੇ ਦੌਰਾਨ ਹਾਕੀ, ਕਬੱਡੀ, ਅਥਲੈਟਿਕਸ ਦੇ ਕਰਵਾਏ ਜਾਣਗੇ ਮੈਚ, 30 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ
- ਤਿੰਨੇ ਦਿਨ ਸ਼ਾਮ ਨੂੰ ਹੋਵੇਗਾ ਸੱਭਿਆਚਾਰਕ ਪ੍ਰੋਗਰਾਮ
- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਪਹੁੰਚਣ ਦੀ ਅਪੀਲ
- ਇਸ ਸਾਲ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਨੇ ਪ੍ਰਸਿੱਧ ਖੇਡਾਂ
ਲੁਧਿਆਣਾ, 11 ਫਰਵਰੀ : ਵਿਧਾਨ ਸਭਾ ਹਲਕਾ ਗਿੱਲ ਤੋਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸੋਮਵਾਰ ਨੂੰ ਜ਼ਿਲ੍ਹੇ ਦੇ ਪਿੰਡ ਕਿਲ੍ਹਾ ਰਾਏਪੁਰ ਵਿਖੇ ਪ੍ਰਸਿੱਧ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ-2024 ਦਾ ਉਦਘਾਟਨ ਕੀਤਾ ਜਾਵੇਗਾ। ਇਹ ਖੇਡਾਂ 12 ਤੋਂ 14 ਫਰਵਰੀ ਤੱਕ ਹੋਣਗੀਆਂ ਅਤੇ ਖੇਡ ਸਮਾਗਮ ਦੀ ਸਮਾਪਤੀ ਵਾਲੇ ਦਿਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ । ਇਸ ਸਾਲ ਪੇਂਡੂ ਓਲੰਪਿਕ ਖੇਡਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਹਨ। ਖੇਡਾਂ ਦੇ ਪਹਿਲੇ ਦਿਨ, ਹਾਕੀ ਮੈਚ (ਲੜਕੇ) ਸਵੇਰੇ 9.30 ਵਜੇ ਤੋਂ ਸ਼ੁਰੂ ਹੋਣਗੇ, ਜਿਸ ਤੋਂ ਬਾਅਦ ਹਾਕੀ ਮੈਚ (ਲੜਕੀਆਂ), ਕਬੱਡੀ (ਲੜਕੀਆਂ), 60 ਮੀਟਰ ਦੌੜ (ਅੰਡਰ-14,17 ਲੜਕੀਆਂ), 100 ਮੀਟਰ ਦੌੜ (ਪੁਰਸ਼ ਉਮਰ ਵਰਗ 60,70 ਸਾਲ ਤੋਂ ਵੱਧ), 1500 ਮੀਟਰ ਦੌੜ (ਲੜਕੀਆਂ ਅਤੇ ਲੜਕੇ), 400 ਮੀਟਰ ਦੌੜ (ਲੜਕੀਆਂ ਅਤੇ ਲੜਕੇ), ਹਾਕੀ ਮੈਚ (ਲੜਕੀਆਂ ਅਤੇ ਲੜਕੇ) ਦੇ ਮੁਕਾਬਲੇ ਹੋਣਗੇ। ਖੇਡਾਂ ਦੇ ਪਹਿਲੇ ਦਿਨ ਭਾਵ 12 ਫਰਵਰੀ ਨੂੰ ਪ੍ਰਸਿੱਧ ਪੰਜਾਬੀ ਗਾਇਕ ਗੁਰਲੇਜ਼ ਅਖਤਰ-ਕੁਲਵਿੰਦਰ ਕੈਲੀ ਸ਼ਾਮ 5 ਵਜੇ ਤੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਉਪਰੰਤ 13 ਫਰਵਰੀ ਨੂੰ ਦੇਬੀ ਮਖਸੂਸਪੁਰੀ ਅਤੇ 14 ਫਰਵਰੀ ਨੂੰ ਅੰਮ੍ਰਿਤ ਮਾਨ ਸੱਭਿਆਚਾਰਕ ਪੇਸ਼ਕਾਰੀਆਂ ਦੇਣਗੇ। ਇਸੇ ਤਰ੍ਹਾਂ ਸੱਭਿਆਚਾਰ ਦੇ ਖੇਤਰ ਦੀ ਉੱਘੀ ਹਸਤੀ ਸ੍ਰੀ ਤਰਸੇਮ ਚੰਦ ਕਲਹਿਰੀ ਦੀ ਟੀਮ “ਪੰਜਾਬੀ ਵਿਰਸਾ” ਵੱਲੋਂ ਗਰਾਊਂਡ ਵਿੱਚ ਪੰਜਾਬ ਦੇ ਅਮੀਰ ਸੱਭਿਆਚਾਰਕ ਇਤਿਹਾਸ ਬਾਰੇ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਤਿੰਨੇ ਦਿਨ ਕਲਾਕਾਰ ਭੰਗੜਾ ਅਤੇ ਝੂਮਰ ਆਦਿ ਪੇਸ਼ ਕਰਨਗੇ। ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ ਅਤੇ ਖੇਡਾਂ ਵਿੱਚ ਸੂਬੇ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤਿੰਨ ਰੋਜ਼ਾ ਖੇਡ ਸਮਾਗਮ ਦੌਰਾਨ ਖਿਡਾਰੀਆਂ ਦਰਮਿਆਨ 30 ਲੱਖ ਰੁਪਏ ਦੇ ਨਕਦ ਇਨਾਮ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ, ਲੋੜ ਸਿਰਫ਼ ਇਸ ਹੁਨਰ ਨੂੰ ਪਛਾਨਣ ਅਤੇ ਤਰਾਸ਼ਣ ਦੀ। ਉਨ੍ਹਾਂ ਕਿਹਾ ਕਿ ਇਹ ਖੇਡਾਂ ਵਧੇਰੇ ਚੈਂਪੀਅਨ ਤਿਆਰ ਕਰਨ ਵਿੱਚ ਸਹਾਈ ਹੋਣਗੀਆਂ। ਉਨ੍ਹਾਂ ਲੋਕਾਂ ਨੂੰ ਖੇਡਾਂ ਦੀ ਪ੍ਰਸਿੱਧੀ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਵੱਧ ਤੋਂ ਵੱਧ ਗਿਣਤੀ 'ਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ।