ਜਾਤੀ ਪ੍ਰਥਾ ਦੀ ਪਾਲਣਾ ਕਰਨਾ ਗੁਰੂਆਂ ਦਾ ਅਪਮਾਨ ਹੈ : ਡਾ. ਸੂਰਜ ਯੇਂਗੜੇ

ਪਟਿਆਲਾ, 9 ਮਈ  : 'ਜਾਤੀ ਦਾ ਹੰਕਾਰ ਉਸੇ ਕੋਲ਼ ਹੈ ਜਿਸ ਕੋਲ਼ ਵਿਖਾਉਣ ਨੂੰ ਹੋਰ ਕੁੱਝ ਨਹੀਂ..ਜਾਤੀ ਪ੍ਰਥਾ ਦੀ ਪਾਲਣਾ ਕਰਨਾ ਗੁਰੂਆਂ ਦਾ ਅਪਮਾਨ ਹੈ।' ਇਹ ਸ਼ਬਦ ਉੱਘੇ ਲੇਖਕ, ਸਮੀਖਿਆਕਾਰ ਅਤੇ ਕਾਰਕੁਨ ਡਾ. ਸੂਰਜ ਯੇਂਗੜੇ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਪ੍ਰੋਗਰਾਮ ਦੌਰਾਨ ਕਹੇ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਅੰਗਰੇਜ਼ੀ ਵਿਭਾਗ ਵੱਲੋਂ ਉਨ੍ਹਾਂ ਨਾਲ 'ਜਨਤਕ ਵਿਚਾਰ-ਚਰਚਾ' ਕਰਵਾਈ ਗਈ ਜਿਸ ਦੌਰਾਨ ਉਨ੍ਹਾਂ ਡਾ. ਮੋਨਿਕਾ ਸੱਭਰਵਾਲ ਨਾਲ਼ ਰਚਾਏ ਸੰਵਾਦ ਦੌਰਾਨ ਜਾਤ ਪ੍ਰਥਾ ਅਤੇ ਇਸ ਦੇ ਖਾਤਮੇ ਆਦਿ ਦੀਆਂ ਸੰਭਾਵਨਾਵਾਂ ਬਾਰੇ ਅਰਥ ਭਰਪੂਰ ਟਿੱਪਣੀਆਂ ਕੀਤੀਆਂ ਗਈਆਂ। ਜਿ਼ਕਰਯੋਗ ਹੈ ਕਿ ਮਹਾਰਾਸ਼ਟਰ ਅਧਾਰਿਤ ਵਿਦਵਾਨ ਡਾ. ਯੇਂਗੜੇ ਹਾਰਵਰਡ ਯੂਨੀਵਰਸਿਟੀ ਤੋਂ ਪੀ-ਐੱਚ.ਡੀ. ਹਨ ਅਤੇ ਪੂਰੇ ਸੰਸਾਰ ਵਿੱਚ ਵੱਖ-ਵੱਖ ਦੇਸਾਂ ਵਿੱਚ ਅਧਿਆਪਨ ਦਾ ਕਾਰਜ ਕਰ ਚੁੱਕੇ ਹਨ। ਉਨ੍ਹਾਂ ਆਪਣੀ ਗੱਲਬਾਤ ਦੌਰਾਨ ਜਾਤ ਪ੍ਰਥਾ ਦੇ ਢਾਂਚੇ ਦੀਆਂ ਵੱਖ-ਵੱਖ ਪਰਤਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਜਾਤ ਪ੍ਰਥਾ ਸਾਡੇ ਸਮਾਜ ਵਿੱਚ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ ਹੈ। ਜਾਤ ਅਧਾਰਿਤ ਭ੍ਰਿਸ਼ਟਾਚਾਰ ਅਤੇ ਨਾ-ਬਰਾਬਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਟਿੱਪਣੀ ਕੀਤੀ ਕਿ ਜਾਤੀਵਾਦ ਦਾ ਵਾਇਰਸ ਸਾਰੇ ਧਰਮਾਂ ਵਿੱਚ ਫੈਲਿਆ ਹੋਇਆ ਹੈ। ਕਿਸਾਨ ਅੰਦੋਲਨ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਮਜ਼ਦੂਰਾਂ ਅਤੇ ਜਾਤ ਪ੍ਰਥਾ ਦਾ ਸਿ਼ਕਾਰ ਲੋਕਾਂ ਦੀ ਇੱਕਜੁੱਟਤਾ ਬਾਰੇ ਇੱਛਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਅੰਦੋਲਨ ਅਕਸਰ ਇਕਹਿਰੇ ਪੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਅੰਦੋਲਨਾਂ ਲਈ ਕਿਹੜੇ ਮੁੱਦਿਆਂ ਨੂੰ ਮੁੱਖ ਤੌਰ ਉੱਤੇ ਉਜਾਗਰ ਕਰਨਾ ਹੈ। ਉਨ੍ਹਾਂ ਦੰਭੀ ਲੋਕਾਂ ਉੱਤੇ ਵਿਅੰਗਮਈ ਟਿੱਪਣੀ ਕਰਦਿਆਂ ਕਿਹਾ ਕਿ ਕੁੱਝ ਲੋਕ ਜਾਤ ਪ੍ਰਥਾ ਨੂੰ ਖ਼ਤਮ ਕਰਨ ਦੀ ਗੱਲ ਤਾਂ ਕਰਦੇ ਹਨ ਪਰ ਜਾਤ ਦੇ ਨਾਮ ਉੱਤੇ ਮਿਲੇ ਪ੍ਰਾਪਤ ਵਿਸ਼ੇਸ਼ ਸਾਮਜਿਕ ਅਧਿਕਾਰਾਂ ਅਤੇ ਸਹੂਲਤਾਂ ਨੂੰ ਛੱਡਣਾ ਨਹੀਂ ਚਾਹੁੰਦੇ। ਵਿੱਦਿਅਕ ਅਦਾਰਿਆਂ ਦੀ ਭੂਮਿਕਾ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਦਾਰਿਆਂ ਨੂੰ ਆਪਣੇ ਪਾਠਕ੍ਰਮਾਂ ਅਤੇ ਅਧਿਆਪਨ ਰਾਹੀਂ ਵਿਦਿਆਰਥੀਆਂ ਨੂੰ ਇਸ ਮੁੱਦੇ ਬਾਰੇ ਸੰਵੇਦਨਸ਼ੀਲ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਵੱਲੋਂ ਆਪਣੀ ਜਾਤ ਦੇ ਅਧਾਰ ਉੱਤੇ ਮਾਣ ਕਰਨਾ ਇੱਕ ਮੂਰਖਤਾ ਵਾਲੀ ਗੱਲ ਹੁੰਦੀ ਹੈ ਜੋ ਉਸ ਸਮਾਜ ਦੇ ਬਾਸਿ਼ੰਦਿਆਂ ਨੂੰ ਹੋਰ ਖੇਤਰਾਂ ਵਿੱਚ ਤਰੱਕੀ ਕਰਨ ਦੇ ਰਾਹ ਵਿੱਚ ਰੋੜਾ ਬਣਦੀ ਹੈ। ਇਸ ਵਿਚਾਰ ਚਰਚਾ ਦੌਰਾਨ ਹਾਜ਼ਰ ਦਰਸ਼ਕਾਂ ਵੱਲੋਂ ਵੀ ਵੱਖ-ਵੱਖ ਸਵਾਲਾਂ ਦੇ ਰੂਪ ਵਿੱਚ ਜਾਤ ਪ੍ਰਥਾ ਬਾਰੇ ਟਿੱਪੀਆਂ ਕੀਤੀਆਂ ਗਈਆਂ। ਪ੍ਰੋਗਰਾਮ ਦੀ ਪਧਾਨਗੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕੀਤੀ। ਸਵਾਗਤੀ ਸ਼ਬਦ ਅੰਗਰੇਜ਼ੀ ਵਿਭਾਗ ਤੋਂ ਮੁਖੀ ਡਾ. ਜਯੋਤੀ ਪੁਰੀ ਨੇ ਬੋਲੇ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਅਤੇ ਡੀਨ ਭਾਸ਼ਾਵਾਂ ਡਾ. ਰਜਿੰਦਰਪਾਲ ਸਿੰਘ ਵੱਲੋਂ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਅੰਗਰੇਜ਼ੀ ਵਿਭਾਗ ਤੋਂ ਡਾ. ਧਰਮਜੀਤ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਸਨ।