- ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 1700 ਹੈਕਟੇਅਰ ਰਕਬੇ ਵਿੱਚ ਮਿਰਚਾਂ ਦੀ ਖੇਤੀ ਹੁੰਦੀ ਹੈ
ਫਿਰੋਜ਼ਪੁਰ, 3 ਮਈ : ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਕਿਸਾਨਾਂ ਦੀ ਮਿਹਨਤ ਅਤੇ ਬਾਗਬਾਨੀ ਵਿਪਾਗ ਪੰਜਾਬ ਦੀ ਰਹਿਨੁਮਾਈ ਸਦਕਾ ਫਿਰੋਜ਼ਪੁਰ ਜ਼ਿਲ੍ਹਾ ਪੂਰੇ ਰਾਜ ਵਿਚੋਂ ਮਿਰਚਾਂ ਦੀ ਕਾਸ਼ਮ ਵਿੱਚ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਬਾਗਬਾਨੀ ਵਿਭਾਗ ਵੱਲੋਂ ਕੀਤੀ ਜਾ ਰਹੀ ਅਗਵਾਈ ਸਦਕਾ ਮਿਰਚਾਂ ਦੀ ਖੇਤੀ ਕਰਕੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿਚੋਂ ਨਿਕਲਣ ਵਿੱਚ ਵੱਡੀ ਮੱਦਦ ਮਿਲਦੀ ਹੈ ਅਤੇ ਫਿਰੋਜ਼ਪੁਰ ਜ਼ਿਲ੍ਹਾ ਮਿਰਚਾਂ ਦੀ ਕਾਸ਼ਤ ਵਿੱਚ ਪੰਜਾਬ ਵਿਚੋਂ ਪਹਿਲੇ ਨੰਬਰ ਤੇ ਹੈ ਜਿੱਥੇ ਜ਼ਿਲ੍ਹੇ ਦੇ 1700 ਤੋਂ ਵੱਧ ਹੈਕਟੇਅਰ ਰਕਬੇ ਵਿੱਚ ਮਿਰਚਾਂ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਅਤੇ ਪੰਜਾਬ ਵਿੱਚ ਮਿਰਚਾਂ ਦੀ ਵੱਧ ਤੋਂ ਵੱਧ ਉਤਪਾਦਕਤਾ 19 ਮੀਟਰਕ ਟਨ ਪ੍ਰਤੀ ਹੈਕਟੇਅਰ ਤੱਕ ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਦੇ ਬਾਗਬਾਨੀ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਚੇਤਨ ਸਿੰਘ ਜੋੜਾਮਾਜਰਾ ਦੀ ਯੋਗ ਅਗਵਾਈ ਅਤੇ ਡਾਇਰੈਕਟਰ ਬਾਗਬਾਨੀ ਸ਼੍ਰੀਮਤੀ ਸ਼ੈਲਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਰਹੱਦੀ ਜ਼ਿਲ੍ਹੇ ਵਿੱਚ ਬਾਗਬਾਨੀ ਵਿਭਾਗ ਦੇ ਤਕਨੀਕੀ ਸਹਿਯੋਗ ਅਤੇ ਨਿੱਜੀ ਖੇਤਰ ਦੇ ਸੰਸਥਾਵਾਂ ਦੇ ਸਹਿਯੋਗ ਨਾਲ 19 ਜਨਵਰੀ 2023 ਨੂੰ ਮਿਰਚ ਕਲੱਸਟਰ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਪ੍ਰੋਗਰਾਮ ਨੂੰ ਅੱਗੇ ਵਧਾਉਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ, ਸ੍ਰੀ ਚੇਤਨ ਸਿੰਘ ਜੋੜਾਮਾਜਰਾ ਅਜ਼ਾਦੀ ਘੁਲਾਟੀਆਂ, ਰੱਖਿਆ ਸੇਵਾਵਾਂ ਭਲਾਈ, ਬਾਗਬਾਨੀ, ਸੂਚਨਾ ਅਤੇ ਲੋਕ ਸੰਪਰਕ ਮੰਤਰੀ, ਪੰਜਾਬ, ਵਲੋਂ ਮਿਤੀ 17 ਮਾਰਚ 2023 ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਹਾਲਮ ਵਿਖੇ ਚਿੱਲੀ ਕਲੱਸਟਰ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪ੍ਰੋਜੈਕਟ ਫੇਜ਼ ਦੇ ਪੜਾਅ 1 ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲਗਭਗ 9,920 ਹੈਕਟੇਅਰ ਰਕਬੇ ਵਿੱਚੋਂ 19,963 ਮੀਟਰਕ ਟਨ ਹਰੀ ਮਿਰਚ ਦਾ ਉਤਪਾਦਨ ਹੁੰਦਾ ਹੈ। ਪੰਜਾਬ ਦੇ ਪ੍ਰਮੁੱਖ ਮਿਰਚ ਉਤਪਾਦਕ ਜ਼ਿਲ੍ਹੇ ਫਿਰੋਜ਼ਪੁਰ, ਪਟਿਆਲਾ, ਮਲੇਰਕੋਟਲਾ, ਸੰਗਰੂਰ, ਜਲੰਧਰ, ਤਰਨਤਾਰਨ, ਅੰਮ੍ਰਿਤਸਰ, ਐਸ.ਬੀ.ਐਸ. ਨਗਰ ਅਤੇ ਹੁਸ਼ਿਆਰਪੁਰ ਹਨ ਅਤੇ ਫਿਰੋਜਪੁਰ ਵਿੱਚ ਸਭ ਤੋਂ ਵੱਧ 1700 ਹੈਕਟੇਅਰ ਰਕਬੇ ਵਿੱਚ ਮਿਰਚਾਂ ਦੀ ਪੈਦਾਵਾਰ ਹੁੰਦੀ ਹੈ। ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਬਲਕਾਰ ਸਿੰਘ ਨੇ ਦੱਸਿਆ ਕਿ ਮਿਰਚ ਕਲੱਸਟਰ ਵਿਕਾਸ ਪ੍ਰੋਗਰਾਮ ਦੇ ਤਹਿਤ ਅਗਾਂਹਵਧੂ ਮਿਰਚ ਕਾਸ਼ਤਕਾਰਾ ਦੀ ਚੋਣ ਕੀਤੀ ਗਈ । ਚੁਣੇ ਗਏ ਕਾਸ਼ਤਕਾਰਾ ਨੂੰ ਬਾਗਬਾਨੀ ਵਿਭਾਗ ਵਲੋ ਵਿਗਿਆਨਕ ਢੰਗ ਨਾਲ ਮਿਰਚਾਂ ਉਗਾਉਣ ਅਤੇ ਖਾਦਾਂ, ਦਵਾਈਆਂ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਅਪ੍ਰੈਲ ਮਹੀਨੇ ਵਿੱਚ ਮਿਰਚ ਕਾਸ਼ਤਕਾਰਾ ਦੇ ਖੇਤਾਂ ਵਿੱਚੋ ਹਰੀ ਮਿਰਚ ਦੇ ਸੈਂਪਲ ਲੈਣ ਉਪਰੰਤ ਜਾਂਚ ਲਈ ਭੇਜੇ ਗਏ ਨਤੀਜੇ ਵਜੋਂ ਇਨ੍ਹਾਂ ਮਿਰਚਾਂ ਵਿੱਚ ਕੀਟਨਾਸ਼ਕ ਅਤੇ ਉਲੀਨਾਸ਼ਕ ਦਵਾਈਆਂ ਦੀ ਮਾਤਰਾ ਮੈਕਸੀਮਮ ਰੇਸੀਡਿਉ ਲਿਮਟ (ਐੱਮ.ਆਰ.ਐੱਲ.) ਤੋਂ ਘੱਟ ਹੋਣ ਕਾਰਨ ਹੋਰਨਾਂ ਦੇਸ਼ਾਂ ਨੂੰ ਵੀ ਭੇਜੀਆਂ ਜਾ ਸਕਦੀਆ ਹਨ। ਬਾਗਬਾਨੀ ਵਿਭਾਗ ਵਲੋਂ ਹਰੀ ਮਿਰਚ ਨੂੰ ਹੋਰਨਾਂ ਦੇਸ਼ਾਂ ਵਿੱਚ ਬਰਾਮਦ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਸਰਹੱਦੀ ਜ਼ਿਲ੍ਹੇ ਦੀ ਮਿਰਚ ਵਿਦੇਸ਼ਾਂ ਦੀ ਮਾਰਕੀਟ ਵੀ ਦੇਖਣ ਨੂੰ ਮਿਲੇ ਗਈ। ਮੌਜੂਦਾ ਸਮੇਂ ਦੌਰਾਨ ਬਾਗਬਾਨੀ ਵਿਭਾਗ, ਪੰਜਾਬ ਵਲੋਂ ਹਰੀ ਮਿਰਚ, ਲਾਲ ਮਿਰਚ ਅਤੇ ਸੁੱਕੀ ਲਾਲ ਮਿਰਚ ਦੇ ਮੰਡੀਕਰਨ ਉੱਪਰ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਕਣਕ ਝੋਨੇ ਦੇ ਫਸਲੀ ਚੱਕਰ ਹੇਠੋ ਰਕਬਾ ਕੱਢ ਕੇ ਮਿਰਚ ਦੀ ਕਾਸ਼ਤ ਅੰਦਰ ਲਿਆਂਦਾ ਜਾ ਸਕੇ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਡਾ. ਸਿਮਰਨ ਸਿੰਘ ਵੀ ਹਾਜ਼ਰ ਸਨ।