ਫ਼ਰੀਦਕੋਟ 14 ਮਾਰਚ : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ.ਜ਼ਸਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਡਾ.ਅਮਰੀਕ ਸਿੰਘ ਦੀ ਅਗਵਾਈ ਵਿੱਚ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀ ਬਾੜੀ ਅਫਸਰ ਕੋਟਕਪੂਰਾ ਦੀ ਦੇਖ-ਰੇਖ ਵਿੱਚ ਸਰਕਲ ਬਾਜਾਖਾਨਾ ਵਿਖੇ ਡਾ. ਗੁਰਮਿੰਦਰ ਸਿੰਘ ਬਰਾੜ ਖੇਤੀਬਾੜੀ ਵਿਕਾਸ ਅਫਸਰ ਸਰਕਲ ਬਾਜਾਖਾਨਾ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ. ਗੁਰਮਿੰਦਰ ਸਿੰਘ ਬਰਾੜ ਨੇ ਕਿਸਾਨਾਂ ਨਾਲ ਨਰਮੇਂ ਦੀ ਫਸਲ ਵਿੱਚ ਗੁਲਾਬੀ ਸੁੰਡੀ ਦੀ ਅਗਾਊਂ ਰੋਕਥਾਮ ਲਈ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜੇਕਰ ਕਿਸੇ ਖੇਤ ਵਿੱਚ ਪਿਛਲੇ ਸੀਜਨ ਦੌਰਾਨ ਬੀਜੇ ਗਏ ਨਰਮੇਂ ਦੀਆਂ ਛਿਟੀਆਂ ਦੇ ਢੇਰ ਮੌਜੂਦ ਹਨ ਤਾਂ ਉਹਨਾ ਨੂੰ ਤੁਰੰਤ ਨਸ਼ਟ ਕਰ ਦਿੱਤਾ ਜਾਵੇ।ਉਹਨਾਂ ਦੱਸਿਆ ਕਿ ਇਸ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿੱਚ ਹੁਣ ਤੱਕ ਜਿਆਦਾਤਰ ਕਿਸਾਨਾਂ ਵੱਲੋਂ ਨਰਮੇਂ ਦੀਆਂ ਛਿਟੀਆਂ ਦੇ ਢੇਰ ਖਤਮ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਡਾ.ਬਰਾੜ ਨੇ ਕਣਕ ਦਾ ਨਾੜ ਨਾ ਸਾੜਨ ਬਾਰੇ, ਕਣਕ ਦਾ ਆਪਣਾ ਬੀਜ ਤਿਆਰ ਕਰਨ ਬਾਰੇ, ਕਣਕ ਵਿੱਚ ਮੌਜੂਦਾ ਸਮੇਂ ਲਗਾਤਾਰ ਫਸਲ ਦਾ ਨਿਰੀਖਣ ਕਰਦੇ ਰਹਿਣ ਬਾਰੇ ਕਿਸਾਨਾਂ ਨਾਲ ਜਰੂਰੀ ਨੁਕਤੇ ਸਾਂਝੇ ਕੀਤੇ। ਇਸ ਤੋਂ ਇਲਾਵਾ ਕੈਂਪ ਦੌਰਾਨ ਕਿਸਾਨ ਸਨਮਾਨਨਿਧੀ ਯੋਜਨਾ ਅਧੀਨ ਲਾਭਪਾਤਰੀ ਕਿਸਾਨਾਂ ਦੀ ਈ.ਕੇ.ਵਾਈ.ਸੀ. ਮੁਹਿੰਮ ਅਧੀਨ ਮੌਕੇ ਤੇ ਈ.ਕੇ.ਵਾਈ.ਸੀ. ਕੀਤੀ ਗਈ।