- ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪੂੰਗ ਫਾਰਮ ਦਾ ਕੀਤਾ ਦੌਰਾ
- ਕਿਹਾ, ਕਿਸਾਨ ਤੇ ਨੌਜਵਾਨ ਸਹਾਇਕ ਧੰਦੇ ਅਪਣਾਕੇ ਆਰਥਿਕ ਤੌਰ 'ਤੇ ਹੋਣ ਹੋਰ ਮਜ਼ਬੂਤ
ਫਤਹਿਗੜ੍ਹ ਸਾਹਿਬ, 10 ਜਨਵਰੀ : ਪੰਜਾਬ ਦੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਮੱਛੀ ਪੂੰਗ ਫਾਰਮ ਪਿੰਡ ਬਾਗੜ੍ਹੀਆ ਫੱਗਣਮਾਜਰਾ ਦਾ ਅਚਾਨਕ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਜਲਾਲਾਬਾਦ ਜਗਦੀਪ ਗੋਲਡੀ ਕੰਬੋਜ ਅਤੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਨਿਕਲਕੇ ਸਹਾਇਕ ਧੰਦੇ ਅਪਣਾਉਣ 'ਤੇ ਜ਼ੋਰ ਵੀ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ ਹੀ ਖੇਤੀ ਕੀਤੀ ਜਾਵੇ, ਤਾਂ ਜੋ ਖੇਤੀ ਦਾ ਧੰਦਾ ਹੋਰ ਲਾਹੇਵੰਦ ਸਾਬਤ ਹੋ ਸਕੇ। ਉਨ੍ਹਾਂ ਨਾਲ ਹੀ ਮੱਛੀ ਪਾਲਣ, ਬੱਕਰੀ ਪਾਲਣ ਅਤੇ ਹੋਰ ਸਹਾਇਕ ਧੰਦੇ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨੀ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਅਜਿਹੇ ਧੰਦੇ ਸਾਰਥਕ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਹਾਇਕ ਧੰਦਿਆਂ ਲਈ ਮੁਫ਼ਤ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਜਿਸ ਦਾ ਕਿਸਾਨਾਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਧੰਦੇ ਸ਼ੁਰੂ ਕਰਨ ਲਈ ਸਬਸਿਡੀ ਦੀ ਸਹੂਲਤ ਵੀ ਉਪਲਬੱਧ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਬਾਗੜ੍ਹੀਆ ਫੱਗਣਮਾਜਰਾ 'ਚ 32 ਏਕੜ 'ਚ ਮੱਛੀ ਫਾਰਮ ਬਣਾਇਆ ਗਿਆ ਹੈ ਜਿਥੇ 6 ਕਿਸਮ ਦੀਆਂ ਮੱਛੀਆਂ ਦੀ ਬ੍ਰੀਡਿੰਗ ਕੀਤੀ ਜਾਂਦੀ ਹੈ ਅਤੇ ਸੂਬੇ ਭਰ 'ਚ ਇਨ੍ਹਾਂ ਦਾ ਪੂੰਗ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 100 ਰੁਪਏ ਵਿੱਚ ਇਕ ਹਜ਼ਾਰ ਸੀਡ ਉਪਲਬੱਧ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਥੇ ਲੈਬ ਵੀ ਉਪਲਬੱਧ ਹੈ, ਜਿਥੇ ਮਿੱਟੀ, ਪਾਣੀ ਅਤੇ ਮੱਛੀਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਟੈਸਟ ਕੀਤੇ ਜਾਂਦੇ ਹਨ ਅਤੇ ਇਥੇ ਫੀਡ ਮਿੱਲ ਵੀ ਉਪਲਬੱਧ ਹੈ। ਉਨ੍ਹਾਂ ਫੀਡ ਮਿੱਲ, ਲੈਬਾਰਟਰੀ ਅਤੇ ਪੂੰਗ ਦੀ ਸਪਲਾਈ ਦਾ ਜਾਇਜ਼ਾ ਲੈਂਦਿਆਂ ਸਬੰਧਤ ਅਧਿਕਾਰੀ ਤੇ ਕਰਮਚਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਹੋਰ ਵੀ ਸੁਹਿਰਦਤਾ ਨਾਲ ਇਸ ਫਾਰਮ ਨੂੰ ਸੂਬੇ ਦਾ ਮਾਡਲ ਫਾਰਮ ਬਣਾਉਣ ਦੀ ਹਦਾਇਤ ਵੀ ਕੀਤੀ।