ਮਾਨਸਾ, 4 ਮਈ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅੱਜ ਸੇਵਾਮੁਕਤੀ ਤੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਰਸਮੀ ਤੌਰ ਤੇ ਵਿਦਾਇਗੀ ਪਾਰਟੀ ਦਿੱਤੀ ਅਤੇ ਢੋਲ ਢਮੱਕੇ ਨਾਲ ਵਿਦਾਈ ਦਿੱਤੀ ਗਈ। ਵਿਭਾਗ ਵੱਲੋਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਚੈਕ ਵੀ ਦਿੱਤਾ ਗਿਆ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਭਾਵਕ ਹੁੰਦੇ ਕਿਹਾ ਕਿ ਜਿੰਦਗੀ ਦੇ ਵਿੱਚ ਕੁੱਝ ਘਟਨਾਵਾਂ ਵੀ ਅਜਿਹੀਆਂ ਵਾਪਰੀਆਂ, ਜਿਸ ਕਾਰਨ ਮਨ ਉਦਾਸ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ 31 ਮਾਰਚ ਨੂੰ ਫਾਇਰ ਬ੍ਰਿਗੇਡ ਮਾਨਸਾ ਦੇ ਡਰਾਈਵਰ ਪਦ ਤੋਂ ਨਗਰ ਕੌਂਸਲ ਮਾਨਸਾ ਨੇ ਸੇਵਾ ਮੁਕਤ ਕਰ ਦਿੱਤਾ ਸੀ। ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਬੇਸ਼ੱਕ ਵਿਭਾਗ ਵਿਚੋਂ ਉਨ੍ਹਾਂ ਦੀ 31 ਮਾਰਚ ਨੂੰ ਰਿਟਾਇਰਮੈਂਟ ਹੋ ਚੁੱਕੀ ਹੈ, ਪਰ ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦੇਣ ਦੀ ਗੱਲ ਕਹੀ ਸੀ, ਜਿਸ ਦੇ ਤਹਿਤ ਅੱਜ ਉਹ ਇਸ ਵਿਦਾਇਗੀ ਪਾਰਟੀ ਵਿੱਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਜਿੰਦਗੀ ਵਿੱਚ ਕੁੱਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਅੱਜ ਮਨ ਉਦਾਸ ਹੈ। ਉਨ੍ਹਾਂ ਕਿਹਾ ਕਿ ਇਸ ਵਿਭਾਗ ਵਿੱਚ ਨਿਭਾਈ ਗਈ ਸੇਵਾ ਲਈ ਉਹ ਸਾਰੇ ਹੀ ਕਰਮਚਾਰੀਆਂ ਦਾ ਧੰਨਵਾਦ ਕਰਦੇ ਹਨ ਕਿਉਂਕਿ ਉਹ ਇੱਕ ਪਰਿਵਾਰ ਦੀ ਤਰਾਂ ਇਸ ਵਿਭਾਗ ਵਿੱਚ ਸੇਵਾ ਕਰਦੇ ਰਹੇ ਹਨ। ਇਸ ਮੌਕੇ ਉਹਨਾਂ ਆਪਣੀ ਕਮਾਈ ਵਿੱਚੋਂ ਵਿਭਾਗ ਨੂੰ 11 ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਂਟ ਕੀਤੀ। ਇਸ ਦੌਰਾਨ ਉਨ੍ਹਾਂ ਵਿਭਾਗ ਦੇ ਕਰਮਚਾਰੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਜਦੋਂ ਵੀ ਉਹਨਾਂ ਨੂੰ ਕਦੇ ਕੋਈ ਜਰੂਰਤ ਹੋਵੇ ਤਾਂ ਯਾਦ ਕਰ ਲੈਣ, ਉਹ ਜ਼ਰੂਰ ਹਾਜ਼ਰ ਹੋਣਗੇ। ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੇ ਕੁਮਾਰ ਨੇ ਕਿਹਾ ਕਿ ਅੱਜ ਫਾਇਰ ਬ੍ਰਿਗੇਡ ਵਿਭਾਗ ਦੇ ਵਿੱਚੋਂ ਬਲਕੌਰ ਸਿੰਘ ਅਤੇ ਜੰਗੀਰ ਸਿੰਘ ਦੀ ਰਿਟਾਇਰਮੈਂਟ ਹੋਈ ਹੈ, ਜਿਨ੍ਹਾਂ ਨੂੰ ਅੱਜ ਵਿਦਾਇਗੀ ਪਾਰਟੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੰਜ ਲੱਖ ਰੁਪਏ ਦਾ ਚੈਕ ਵੀ ਦਿੱਤਾ ਗਿਆ ਹੈ।