ਫਾਜ਼ਿਲਕਾ, 07 ਫਰਵਰੀ : ਸੜਕੀ ਦੁਰਘਟਨਾਂਵਾਂ ਦੀ ਰੋਕਥਾਮ ਦੇ ਮੱਦੇਨਜਰ ਮਨਾਏ ਜਾ ਰਹੇ ਕੌਮੀ ਸੜਕ ਸੁਰੱਖਿਆ ਮਹੀਨਾ ਤਹਿਤ ਰੀਜਨਲ ਟਰਾਂਸਪੋਰਟ ਅਫਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਅਰੋੜਾ ਦੀ ਅਗਵਾਈ ਹੇਠ ਸਿਹਤ ਵਿਭਾਗ ਨਾਲ ਮਿਲਕੇ ਇਥੋਂ ਦੇ ਸਥਾਨਕ ਬੱਸ ਸਟੈਂਡ ਵਿਖੇ ਅੱਖਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਰੀਜਨਲ ਟਰਾਂਸਪੋਰਟ ਅਫਸਰ ਨੇ ਕਿਹਾ ਕਿ ਵਹੀਕਲ ਚਲਾਉਣ ਸਮੇਂ ਸਾਨੂੰ ਸਰੀਰਕ ਤੌਰ *ਤੇ ਵੀ ਫਿਟ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਅੱਖਾਂ ਦਾ ਚੈਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਅੱਖਾਂ ਦੀ ਨਜਰ ਠੀਕ ਹੋਵੇਗੀ ਤਾਂ ਹੀ ਅਸੀਂ ਠੀਕ ਢੰਗ ਨਾਲ ਵਹੀਕਲ ਚਲਾ ਪਾਵਾਂਗੇ। ਉਨ੍ਹਾਂ ਕਿਹਾ ਕਿ ਜੇਕਰ ਠੀਕ ਢੰਗ ਨਾਲ ਦੇਖ ਨਹੀਂ ਪਾਵਾਂਗੇ ਤਾਂ ਖੁਦ ਦੇ ਨਾਲ-ਨਾਲ ਕਿਸੇ ਹੋਰ ਦੀ ਜਾਨ ਨੂੰ ਵੀ ਖਤਰੇ ਵਿਚ ਪਾਵਾਂਗੇ। ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਪਰਵੀ ਨੇ ਅੱਖਾਂ ਦੇ ਜਾਂਚ ਕੈਂਪ ਦੌਰਾਨ ਬਸਾਂ ਤੇ ਵਹੀਕਲ ਚਲਾਉਣ ਵਾਲਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਲੋੜੀਂਦੀਆਂ ਸਲਾਹ ਦਿੱਤੀਆਂ। ਉਨ੍ਹਾਂ ਕਿਹਾ ਕਿ ਰੋਜਾਨਾ ਵਹੀਕਲ ਚਲਾਉਣ ਵਾਲਿਆਂ ਨੂੰ ਵਿਸ਼ੇਸ਼ ਤੌਰ *ਤੇ ਆਪਣੀਆਂ ਅੱਖਾਂ ਦਾ ਚੈਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਾਕਟਰੀ ਸਲਾਹ ਅਨੁਸਾਰ ਸਮੇਂ-ਸਮੇਂ *ਤੇ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਘੱਟ ਹੈ ਉਨ੍ਹਾਂ ਨੂੰ ਵਹੀਕਲ ਚਲਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਅਣਗਹਿਲੀ ਕਾਰਨ ਕੀਮਤੀ ਜਾਨ ਗਵਾ ਨਾ ਬੈਠੀਏ। ਇਸ ਮੌਕੇ ਡਾ. ਐਰਿਕ, ਸੰਜੇ ਸਰਮਾ ਆਰਟੀਓ ਦਫਤਰ, ਟਰੈਫਿਕ ਇੰਚਾਰਜ ਫਾਜ਼ਿਲਕਾ ਸ੍ਰੀ ਪਵਨ ਕੁਮਾਰ ਆਦਿ ਹੋਰ ਸਟਾਫ ਮੌਜੂਦ ਸੀ।