ਲੁਧਿਆਣਾ 11 ਅਪ੍ਰੈਲ : ਪੀ ਏ ਯੂ ਦੇ ਪਸਾਰ ਸਿੱਖਿਆ ਵਿਭਾਗ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਗਰਾਉਂ ਬਲਾਕ ਦੇ ਅਧਿਕਾਰੀਆਂ ਦੇ ਨਾਲ ਸਰਫ਼ੇਸ ਸੀਡਿੰਗ ਮਲਚਿੰਗ ਤਕਨੀਕ ਨਾਲ ਬੀਜੀ ਕਣਕ ਦੀ ਫਸਲ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਗੋਦ ਲਏ ਪਿੰਡਾਂ ਦਾ ਦੌਰਾ ਕੀਤਾ। ਆਪਣੇ ਤਜਰਬੇ ਸਾਂਝੇ ਕਰਦੇ ਹੋਏ ਸ.ਜਸਪਾਲ ਸਿੰਘ, ਸ.ਅਜਮੇਰ ਸਿੰਘ ਅਤੇ ਸ.ਹਰਿੰਦਰ ਪਾਲ ਸਿੰਘ, ਕੁਲਾਰ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਸਰਫੇਸ ਸੀਡਿੰਗ ਮਲਚਿੰਗ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਕਣਕ ਦੀ ਘੱਟ ਖਰਚ ਵਾਲੀ ਵਿਧੀ ਕਾਰਗਰ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦੀ ਵਾਢੀ ਤੋਂ ਬਾਅਦ ਚੰਗਾ ਝਾੜ ਮਿਲਣ ਦੀ ਆਸ ਹੈ। ਵਿਭਾਗ ਦੇ ਮੁਖੀ ਡਾ.ਕੁਲਦੀਪ ਸਿੰਘ ਨੇ ਤਸੱਲੀ ਪ੍ਰਗਟਾਈ ਕਿ ਮਾੜੇ ਮੌਸਮ ਦੇ ਬਾਵਜੂਦ ਕਣਕ ਦੀ ਫ਼ਸਲ ਡਿੱਗੀ ਨਹੀਂ ਜਦਕਿ ਨਾਲ ਲੱਗਦੇ ਰਕਬੇ ਵਿੱਚ ਫ਼ਸਲ ਪੂਰੀ ਤਰ੍ਹਾਂ ਢਹੀ ਹੋਈ ਹੈ। ਉਨ੍ਹਾਂ ਕਿਸਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਇਸ ਸਬੰਧੀ ਹੋਰ ਮਾਰਗਦਰਸ਼ਨ ਦਾ ਭਰੋਸਾ ਦਿੱਤਾ। ਜਗਰਾਉਂ ਬਲਾਕ ਦੇ ਡਾ.ਗੁਰਦੀਪ ਸਿੰਘ, ਡਾ.ਰਮਿੰਦਰ ਸਿੰਘ ਅਤੇ ਡਾ.ਅਮਨਦੀਪ ਸਿੰਘ ਨੇ ਫਸਲ ਦੀ ਸਥਿਤੀ ਦਾ ਨਿਰੀਖਣ ਕੀਤਾ। ਡਾ.ਧਰਮਿੰਦਰ ਸਿੰਘ, ਸੀਨੀਅਰ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਖੇਤੀ-ਮਸ਼ੀਨਰੀ ਨੂੰ ਕਿਰਾਏ ਅਤੇ ਸਹਿਕਾਰੀ ਆਧਾਰ 'ਤੇ ਉਹਨਾਂ ਦੀ ਵਰਤੋਂ ਲਈ ਵਰਤਣ ਦੀ ਤਾਕੀਦ ਕੀਤੀ ਅਤੇ ਡਾ.ਲਖਵਿੰਦਰ ਕੌਰ, ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਲਾਭਦਾਇਕ ਖੇਤੀ ਲਈ ਖੇਤੀ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ।