ਪਟਿਆਲਾ, 10 ਮਈ : ਬਿਹਤਰ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰ ਤੱਕ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਸ਼ੁਰੂ ਕੀਤੇ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਨ ਲਈ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਮਾਹਰ ਡਾਕਟਰਾਂ ਦਾ ਵਟਸਐਪ ਗਰੁੱਪ ਬਣਾ ਕੇ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦਿੰਦਿਆਂ ਦੱਸਿਆ ਕਿ ਆਈ.ਐਮ.ਏ. ਪਟਿਆਲਾ ਦੀ ਮਦਦ ਨਾਲ ਇਹ ਤਜਰਬਾ ਸਫ਼ਲ ਹੋ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਡਾਕਟਰੀ ਤਜਰਬੇ ਰਾਹੀਂ ਵੱਡੇ ਹਸਪਤਾਲਾਂ 'ਚੋਂ ਭੀੜ ਘਟਾਉਣ ਅਤੇ ਲੋਕਾਂ ਦੀਆਂ ਬਿਮਾਰੀਆਂ ਦੀ ਮੁਢਲੇ ਪੜਾਅ 'ਤੇ ਹੀ ਪਛਾਣ ਕਰਕੇ ਇਨ੍ਹਾਂ ਦੇ ਬਿਹਤਰ ਇਲਾਜ ਲਈ ਆਈ.ਐਮ.ਏ. ਦੇ ਮਾਹਰ ਡਾਕਟਰਾਂ ਨੂੰ ਨਾਲ ਲੈਕੇ ਇਹ ਵਟਸਐਪ ਗਰੁੱਪ ਵਾਲਾ ਨਿਵੇਕਲਾ ਰਾਹ ਕੱਢਿਆ ਹੈ। ਇਸ ਗਰੁੱਪ ਵਿੱਚ ਆਈ.ਐਮ.ਏ. ਦੇ ਮਾਹਰ ਡਾਕਟਰਾਂ ਦੇ ਨਾਲ-ਨਾਲ ਸਰਕਾਰੀ ਹਸਪਤਾਲਾਂ ਦੇ ਮਾਹਰ ਡਾਕਟਰ ਵੀ ਸ਼ਾਮਲ ਹਨ, ਜਿਨ੍ਹਾਂ ਦੀ ਸਲਾਹ ਨਾਲ ਮਰੀਜ ਨੂੰ ਗੰਭੀਰ ਹੋਣ ਦੀ ਸੂਰਤ ਵਿੱਚ ਰਾਜਿੰਦਰਾ ਹਸਪਤਾਲ ਜਾਂ ਪੀ.ਜੀ.ਆਈ. ਵਿਖੇ ਭੇਜਿਆ ਜਾਵੇਗਾ।ਡਿਪਟੀ ਕਮਿਸ਼ਨਰ ਨੇ ਇਸ ਪਾਇਲਟ ਪ੍ਰਾਜੈਕਟ ਦੀ ਸਫ਼ਲਤਾ ਲਈ ਅੱਜ ਇੱਥੇ ਸਿਵਲ ਸਰਜਨ ਡਾ. ਰਮਿੰਦਰ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ ਤੇ ਹੋਰ ਸਿਹਤ ਅਧਿਕਾਰੀਆਂ ਨਾਲ ਇੱਕ ਬੈਠਕ ਕਰਕੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਅਜੇ ਤੱਕ ਇਸ ਵਟਸਐਪ ਗਰੁੱਪ ਵਿੱਚ ਜ਼ਿਲ੍ਹੇ ਦੇ ਪਾਤੜਾਂ, ਸ਼ੁਤਰਾਣਾ ਤੇ ਦੂਧਨ ਸਾਧਾਂ ਦੇ ਆਮ ਆਦਮੀ ਕਲੀਨਿਕਾਂ ਵਿੱਚੋਂ ਦੋ ਦਰਜਨ ਦੇ ਕਰੀਬ ਅੱਖਾਂ, ਚਮੜੀ, ਨੱਕ, ਕੰਨ ਤੇ ਗਲੇ ਆਦਿ ਦੇ ਮਰੀਜਾਂ ਦੇ ਵੇਰਵੇ ਸਾਂਝੇ ਕਰਕੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ।ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵੱਡੇ ਹਸਪਤਾਲਾਂ 'ਚੋਂ ਮਰੀਜਾਂ ਦੀ ਭੀੜ ਘਟਾਉਣ ਸਮੇਤ ਦੂਧਨ ਸਾਧਾਂ, ਪਾਤੜਾਂ ਤੇ ਸ਼ੁਤਰਾਣਾ ਖੇਤਰਾਂ ਦੇ ਆਮ ਆਦਮੀ ਕਲੀਨਿਕਾਂ ਵਿਖੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਨ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਆਈ.ਐਮ.ਏ. ਪਟਿਆਲਾ ਦੇ ਡਾਕਟਰਾਂ ਨੂੰ ਨਾਲ ਜੋੜਕੇ ਇਸ ਨੂੰ ਇੱਕ ਪਾਇਲਟ ਪ੍ਰਾਜੈਕਟ ਵਜੋਂ ਹਾਲ ਦੀ ਘੜੀ ਨਾਲ ਜੋੜਿਆ ਹੈ ਅਤੇ ਇਸ ਨੂੰ ਹੋਰ ਵੀ ਅੱਗੇ ਵਧਾਇਆ ਜਾਵੇਗਾ।