ਪਟਿਆਲਾ, 19 ਅਪ੍ਰੈਲ : ਪਟਿਆਲਾ ਦੇ ਜੰਮਪਲ ਪ੍ਰੀਤ ਕੰਵਰ ਸਿੰਘ ਨੇ ਕਰੀਬ 12 ਸਾਲ ਭਾਰਤੀ ਜਲ ਸੈਨਾ ‘ਚ ਬਿਹਤਰੀਨ ਸੇਵਾਵਾਂ ਨਿਭਾਉਣ ਤੋਂ ਬਾਅਦ ਸੂਬੇ ਦੀ ਵੱਕਾਰੀ ਪ੍ਰੀਖਿਆ ਪੀ.ਸੀ.ਐਸ. ਨੂੰ ਪਾਸ ਕਰਕੇ ਡੀ.ਐਸ.ਪੀ. ਬਣ ਕੇ 35 ਸਾਲ ਦੀ ਉਮਰ ‘ਚ ਦੇਸ਼ ਸੇਵਾ ਲਈ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ ਹੈ। ਪ੍ਰੀਤ ਕੰਵਰ ਸਿੰਘ ਨੇ ਆਪਣੇ ਜਜ਼ਬਾਤ ਉਜਾਗਰ ਕਰਦਿਆਂ ਕਿਹਾ ਕਿ ਵਰਦੀ ਹਮੇਸ਼ਾ ਹੀ ਮੇਰੀ ਪਹਿਲੀ ਤਰਜੀਹ ਰਹੀ ਹੈ ਤੇ ਭਾਰਤੀ ਜਲ ਸੈਨਾ ‘ਚ ਸਿੱਖੀ ਉੱਚ ਪੱਧਰੀ ਪੇਸ਼ਾਵਰ ਕੁਸ਼ਲਤਾ, ਪ੍ਰਸ਼ਾਸਨਿਕ ਹੁਨਰ, ਵੱਖ ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਟੀਮ ਦੇ ਤੌਰ ‘ਤੇ ਕੰਮ ਕਰਨ ਦੀ ਮੁਹਾਰਤ ਅਤੇ ਭਾਰਤੀ ਜਲ ਸੈਨਾ ‘ਚ ਲਗਾਤਾਰ ਤਿੰਨ ਵਾਰ ਸਟਾਫ਼ ਅਫ਼ਸਰ ਵਜੋਂ ਨਿਭਾਈ ਜ਼ਿੰਮੇਵਾਰੀ ਪੰਜਾਬ ਪੁਲਿਸ ‘ਚ ਸੇਵਾ ਨਿਭਾਉਣ ਸਮੇਂ ਮਦਦਗਾਰ ਹੋਵੇਗੀ। ਉਨ੍ਹਾਂ ਦੱਸਿਆ ਕਿ ਭਾਰਤੀ ਜਲ ਸੈਨਾ ਤੋਂ ਸੇਵਾ ਮੁਕਤ ਹੋਣ ਤੋਂ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਸੇਵਾ ਮੁਕਤੀ ਤੋਂ ਬਾਅਦ ਆਪਣੀਆਂ ਸੇਵਾਵਾਂ ਦੇਸ਼ ਸੇਵਾ ਨੂੰ ਸਮਰਪਿਤ ਰੱਖਾਂਗਾ।