ਫ਼ਰੀਦਕੋਟ, 11 ਮਈ : ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਾਰਕੋ ਕੋਰਡੀਨੇਸ਼ਨ ਦੀ ਜਿਲ੍ਹਾ ਪੱਧਰੀ ਕਮੇਟੀ ਦੀ ਬੈਠਕ ਕਰਦੇ ਹੋਏ ਦੌਰਾਨ ਕਿਹਾ ਕਿ ਨਸ਼ਾ ਇੱਕ ਤਰ੍ਹਾਂ ਦਾ ਗੰਭੀਰ ਰੋਗ ਹੈ। ਇਸ ਤੇ ਠੱਲ੍ਹ ਪਾਉਣ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਜੇਕਰ ਸਾਡੇ ਆਸ ਪਾਸ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਵਿਕਦਾ ਹੈ, ਤਾਂ ਇਸ ਦੀ ਸੂਚਨਾ ਤੁਰੰਤ ਦਿੱਤੀ ਜਾਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਕੋਟਕਪੂਰਾ ਮੈਡਮ ਵੀਰਪਾਲ ਕੌਰ, ਐਸ.ਡੀ.ਐਮ. ਜੈਤੋ ਡਾ. ਨਿਰਮਲ ਓਸੇਪਚਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਦੇ ਫੈਲਾਅ ਨੂੰ ਰੋਕਣ ਲਈ ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਅਸੀਂ ਸ਼ੁਰੂ ਵਿੱਚ ਇਹ ਸੋਚਦੇ ਹਾਂ ਕਿ ਇਸ ਦਾ ਸਾਡੇ ਪਰਿਵਾਰ ਤੇ ਕੋਈ ਅਸਰ ਨਹੀਂ ਪਵੇਗਾ, ਪਰ ਜੇਕਰ ਇਸ ਦੇ ਠੱਲ੍ਹ ਨਾ ਪਾਈ ਜਾਵੇ ਤਾਂ ਇਹ ਹੌਲੀ ਹੌਲੀ ਮੁਹੱਲਿਆਂ ਤੋਂ ਕਦੋਂ ਘਰ ਵਿੱਚ ਦਾਖਲ ਹੋ ਜਾਂਦਾ ਹੈ ਪਤਾ ਨਹੀਂ ਲੱਗਦਾ। ਇਸ ਲਈ ਜਦ ਵੀ ਨਸ਼ਾ ਵਿਕਣ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਇਸ ਦੀ ਸੂਚਨਾ ਪੁਲਿਸ ਅਤੇ ਸਬੰਧਤ ਵਿਭਾਗਾਂ ਨੂੰ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਓਟ ਕਲੀਨਿਕ ਸੈਂਟਰਾਂ ਤੇ ਆਉਣ ਵਾਲੇ ਮਰੀਜਾਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਕਿਸੇ ਤਰ੍ਹਾਂ ਦਾ ਕੋਈ ਸਕਿੱਲ ਕੋਰਸ ਕਰਵਾ ਕੇ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹਾਂ ਕੀਤਾ ਜਾਵੇ ਤਾਂ ਜੋ ਉਹ ਦੁਬਾਰਾ ਇਸ ਨਸ਼ੇ ਦੀ ਦਲਦਲ ਵਿੱਚ ਨਾ ਫਸ ਸਕਣ। ਉਨ੍ਹਾਂ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੰਦੇ ਕਿਹਾ ਕਿ ਨਸ਼ਿਆਂ ਦੇ ਫੈਲਾਅ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਸ਼ਖਤ ਕਦਮ ਚੁੱਕੇ ਜਾਣ ਅਤੇ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਦਵਾਈਆਂ ਦੀਆਂ ਦੁਕਾਨਾਂ ਤੇ ਪ੍ਰਤੀਬੰਧਤ ਦਵਾਈਆਂ ਵੇਚਣ ਤੋਂ ਰੋਕਣ ਲਈ ਸਮੇਂ ਸਮੇਂ ਸਿਰ ਚੈਕਿੰਗ ਕੀਤੀ ਜਾਵੇ। ਕਿਸੇ ਵੀ ਦੁਕਾਨ ਤੇ ਡਾਕਟਰ ਦੀ ਪਰਚੀ ਤੋਂ ਬਿਨ੍ਹਾਂ ਦਵਾਈ ਨਾ ਵੇਚੀ ਜਾਵੇ। ਇਸ ਦੌਰਾਨ ਉਨ੍ਹਾਂ ਨੇ ਨਸ਼ਿਆਂ ਨਾਲ ਸਬੰਧਤ ਮਾਮਲਿਆਂ, ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਨਸ਼ਿਆਂ ਨੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਲਗਾਏ ਗਏ ਸੈਮੀਨਾਰਾਂ, ਡਰੱਗ ਡੀ-ਅਡੀਕਸ਼ਨ ਅਤੇ ਪੁਨਾਰ ਨਿਵਾਸ ਸੈਂਟਰਾਂ, ਨਸ਼ੇਂ ਦੀ ਤਸਕਰੀ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਉਪਰਾਲੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਲੈਣ ਉਪੰਰਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਐਸ.ਐਮ.ਓ ਫਰੀਦਕੋਟ ਡਾ.ਚੰਦਰ ਸ਼ੇਖਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।