ਬਜ਼ੁਰਗ ਸਮਾਜ ਦਾ ਅਨਮੋਲ ਸਰਮਾਇਆ, ਉਨ੍ਹਾਂ ਦਾ ਖਿਆਲ ਰੱਖਣਾ ਸਭਨਾ ਦਾ ਨੈਤਿਕ ਫਰਜ਼- ਦੀਪਤੀ ਗੋਇਲ

  • ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲ੍ਹੋਂ ਬਿਰਧ ਆਸ਼ਰਮ ਬਸੀ ਪਠਾਣਾ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਗਿਆ।

ਫਤਹਿਗੜ੍ਹ ਸਾਹਿਬ, 26 ਜੁਲਾਈ 2024 : ਬਜ਼ੁਰਗ ਸਾਡੇ ਸਮਾਜ ਦਾ ਅਨਮੋਲ ਸਰਮਾਇਆ ਹਨ, ਜਿਨ੍ਹਾਂ ਦੇ ਜ਼ਿੰਦਗੀ ਭਰ ਦੇ ਲੰਮੇ ਤਜਰਬੇ ਤੋਂ ਸਾਨੂੰ ਸਾਰਿਆਂ ਨੂੰ ਪ੍ਰੈਕਟੀਕਲ ਗਿਆਨ ਹਾਸਲ ਕਰਨਾ ਚਾਹੀਦਾ ਹੈ। ਬਜ਼ੁਰਗਾਂ ਨੂੰ ਬਣਦਾ ਸਤਿਕਾਰ ਦੇਣਾ ਅਤੇ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਣਾ ਸਾਡਾ ਮੁੱਢਲਾ ਫਰਜ਼ ਹੈ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਆਉਣ ਵਾਲੀ ਪੀੜ੍ਹੀ ਸਮਾਜ ਨੂੰ ਸਹੀ ਸੇਧ ਦੇ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਸ਼੍ਰੀਮਤੀ ਦੀਪਤੀ ਗੋਇਲ ਨੇ ਅੰਡਰ ਟਰੇਨਿੰਗ ਨਿਆਂ ਅਧਿਕਾਰੀ ਮਿਸ ਸੰਦੀਪ ਕੌਰ ਨਾਲ ਬਸੀ ਪਠਾਣਾ ਵਿਖੇ ਸੰਤ ਅਮਰ ਸਿੰਘ ਨਾਮਧਾਰੀ ਬਿਰਧ ਆਸ਼ਰਮ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕਰਨ ਉਪਰੰਤ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗ ਔਰਤਾਂ ਅਤੇ ਮਰਦਾਂ ਦਾ ਹਾਲ-ਚਾਲ ਪੁੱਛਦਿਆਂ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ਤੇ ਆਸ਼ਰਮ ਦੇ ਪ੍ਰਬੰਧਕਾਂ ਤੋਂ ਬਜ਼ੁਰਗਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਰੇ ਬਜ਼ੁਰਗਾਂ ਨੂੰ ਸੰਤੁਲਿਤ ਭੋਜਨ ਮੁਹੱਈਆ ਕਰਵਾਇਆ ਜਾਵੇ ਅਤੇ ਸਮੇਂ ਸਮੇਂ ਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਤੋਂ ਕਰਵਾਈ ਜਾਵੇ। ਉਨ੍ਹਾਂ ਇਸ ਮੌਕੇ ਬਿਰਧ ਆਸ਼ਰਮ ਦੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਉਣ ਲਈ ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰਿਮਟ ਯੂਨੀਵਰਸਿਟੀ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਇੰਟਰਨਸ਼ਿਪ ਵਾਲੇ ਬੱਚੇ ਵੀ ਮੌਜੂਦ ਸਨ। ਸਕੱਤਰ ਨੇ ਇਸ ਮੌਕੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਵੀ ਜਾਣੂ ਕਰਵਾਇਆ ਅਤੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲ੍ਹੋਂ ਕਿਹੜੀਆਂ-ਕਿਹੜੀਆਂ ਮੁਫਤ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਵਿਸ਼ੇਸ਼ ਤੌਰ ਤੇ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਬਜ਼ੁਰਗਾਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਯਕੀਨੀ ਬਣਾਉਣ ਕਿਉਂਕਿ ਭਵਿੱਖ ਵਿੱਚ ਉਨ੍ਹਾਂ ਨੇ ਵੀ ਬਜ਼ੁਰਗਾਂ ਵਾਲੀ ਸਥਿਤੀ ਵਿੱਚ ਆਉਣਾ ਹੈ। ਉਨ੍ਹਾਂ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਵੱਲ੍ਹੋਂ ਬਜ਼ੁਰਗਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਵੱਲ੍ਹੋਂ ਕੀਤੇ ਜਾ ਰਹੇ ਉੱਧਮ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ। ਉਨ੍ਹਾਂ ਬਜ਼ੁਰਗਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਸੁਹਿਰਦਤਾ ਵਾਲੇ ਸਬੰਧ ਬਣਾ ਕੇ ਰੱਖਣ ਤਾਂ ਜੋ ਪਰਿਵਾਰ ਦਾ ਹਰ ਮੈਂਬਰ ਬਜ਼ੁਰਗਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਵੇ ਅਤੇ ਬਜ਼ੁਰਗਾਂ ਨੂੰ ਪਰਿਵਾਰ ਛੱਡ ਕੇ ਬਿਰਧ ਆਸ਼ਰਮਾਂ ਦਾ ਸਹਾਰਾ ਨਾ ਲੈਣਾ ਪਵੇ।