ਪਟਿਆਲਾ 6 ਅਪ੍ਰੈਲ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਦੀ ਯੋਗ ਅਗਵਾਈ ਵਿੱਚ ਆਉਣ ਵਾਲੇ ਝੋਨੇ/ਗਰਮੀਆਂ ਦੇ ਮੋਸਮ ਦੌਰਾਨ ਬਿਜਲੀ ਖ਼ਪਤਕਾਰਾਂ ਨੂੰ ਪਾਏਦਾਰ , ਨਿਰਵਿਘਨ ਬਿਜਲੀ ਅਤੇ ਹੋਰ ਵਧੇਰੇ ਬਿਜਲੀ ਸਹੂਲਤਾਂ ਦੇਣ ਲਈ ਅਜ ਇਥੇ ਪਟਿਆਲਾ ਦੇ ਸੰਚਾਲਨ ਸਰਕਲ ਦੇ ਨਾਲ ਸਬੰਧਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਨੀਅਰ ਅਫਸਰਾਂ ਦੀ ਇਕ ਵਿਸ਼ੇਸ਼ ਮੀਟਿੰਗ ਇੰਜ:ਦਲਜੀਤ ਇੰਦਰ ਪਾਲ ਸਿੰਘ ਗਰੇਵਾਲ ਡਾਇਰੈਕਟਰ ਸੰਚਾਲਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਬਿਜਲੀ ਖਪਤਕਾਰਾਂ ਅਤੇ ਆਮ ਨਾਗਰਿਕਾਂ ਦੇ ਪ੍ਰਤੀਨਿਧਾਂ ਨੇ ਵੀ ਵਿਸ਼ੇਸ਼ ਤੋਰ ਤੇ ਭਾਗ ਲਿਆ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰੂ ਇੰਜ: ਦਲਜੀਤ ਇੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਆਉਂਦੇ ਝੋਨੇ/ਗਰਮੀਆਂ ਦੇ ਮੌਸਮ ਵਿੱਚ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਪੂਰੇ ਕਰਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ, ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਹਨਾਂ ਪ੍ਰਬੰਧਾਂ ਦੇ ਚੰਗੇ ਨਤੀਜੇ ਸਾਡੇ ਸਾਹਮਣੇ ਹੋਣਗੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਹਾਲ ਹੀ ਵਿੱਚ ਵੱਖ ਵੱਖ ਸੰਚਾਲਨ ਜੋਨਾਂ ਵਿੱਚ ਅਜਿਹੀਆਂ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਹੈ, ਇਹਨਾਂ ਮੀਟਿੰਗਾ ਦੀ ਇਹ ਵਿਸ਼ੇਸ਼ਤਾ ਹੈ ਕਿ ਬਿਜਲੀ ਖਪਤਕਾਰਾਂ ਦੇ ਪ੍ਰਤੀਨਿਧੀਆਂ ਅਤੇ ਆਮ ਨਾਗਰਿਕਾਂ ਵੱਲੋਂ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ ਮਸਲਿਆਂ ਦਾ ਤੁਰੰਤ ਹਲ ਹੋ ਜਾਂਦਾ ਹੈ ਅਤੇ ਬਿਜਲੀ ਖਪਤਕਾਰਾਂ ਦੇ ਪ੍ਰਤੀਨਿਧੀਆਂ ਵੱਲੋਂ ਸਾਂਝੇ ਕੀਤੇ ਸੁਝਾਅ ਜੋ ਅਮਲੀ ਰੂਪ ਵਿਚ ਕਾਰਗਾਰ ਹੁੰਦੇ ਹਨ, ਲਾਗੂ ਵੀ ਕਰ ਲਏ ਜਾਂਦੇ ਹਨ। ਮੀਟਿੰਗ ਵਿੱਚ ਇੰਜ. ਗਰੇਵਾਲ ਵੱਲੋਂ ਸੀਨੀਅਰ ਅਫਸਰਾਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਹੋਏ ਕਿਹਾ ਗਿਆ ਕਿ ਝੋਨੇ / ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਮੁਕੰਮਲ ਤਿਆਰੀਆਂ ਯਕੀਨੀ ਬਣਾਈਆਂ ਜਾਣ। ਡਾਇਰੈਕਟਰ ਸੰਚਾਲਨ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਗਰਿੱਡਾਂ/ ਲਾਈਨਾਂ/ ਟਰਾਂਸਫਾਰਮਰਾਂ ਨੂੰ ਪਹਿਲ ਦੇ ਅਧਾਰ ਤੇ ਡੀਲੋਡ ਕਰਵਾਇਆ ਜਾਵੇ। ਪੰਜਾਬ ਵਿੱਚ ਕਣਕ ਦੇ ਪੱਕ ਰਹੀ ਫਸਲ ਦੇ ਮੱਦੇਨਜ਼ਰ ਢਿੱਲੀਆਂ ਤਾਰਾਂ ਅਤੇ ਸਪਾਰਕ ਕਰਦੇ ਜੀ ਓ ਸਵਿੱਚਾਂ ਨੂੰ ਤੁਰੰਤ ਠੀਕ ਕੀਤਾ ਜਾਵੇ। ਇੰਜ. ਗਰੇਵਾਲ ਵੱਲੋਂ ਸਪਸ਼ਟ ਰੂਪ ਵਿੱਚ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਬਿਜਲੀ ਖਪਤਕਾਰਾਂ ਦੀਆਂ ਸਮਸਿਆਵਾਂ ਦੇ ਹੱਲ ਲਈ ਉਨ੍ਹਾਂ ਨਿਰਦੇਸ਼ ਦਿੱਤੇ ਕਿ ਬਿਜਲੀ ਖਪਤਕਾਰਾਂ ਦੇ ਵਟਸਐਪ ਗਰੁੱਪ ਬਣਾਏ ਜਾਣ, ਜਿਨ੍ਹਾਂ ਦੇ ਰਾਹੀਂ ਬਿਜਲੀ ਖਪਤਕਾਰਾਂ ਦੀਆਂ ਮੁਸਕਲਾਂ ਦਾ ਹਲ ਕੀਤਾ ਜਾਵੇ ਅਤੇ ਇਨ੍ਹਾਂ ਗਰੁਪਾਂ ਵਿੱਚ ਲੋਕਲ ਬਿਜਲੀ ਦੇ ਬੰਦ ਸੰਬੰਧੀ ਸੂਚਨਾਵਾਂ ਅਤੇ ਹੈਰ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਜਾਵੇ। ਅੱਜ ਦੀ ਮੀਟਿੰਗ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਇੰਜੀਨੀਅਰ ਸੰਚਾਲਨ ਦੱਖਣ ਜੈਨ ਇੰਜ ਸੰਦੀਪ ਗੁਪਤਾ,ਉਪ ਮੁੱਖ ਇੰਜੀਨੀਅਰ ਸੰਚਾਲਨ ਪਟਿਆਲਾ ਸਰਕਲ ਇੰਜ ਧਨਵੰਤ ਸਿੰਘ, ਪਟਿਆਲਾ ਸਰਕਲ ਦੇ ਸਾਰੇ ਐਕਸੀਅਨ, ਨਿਗਰਾਨ ਇੰਜੀਨੀਅਰ ਪੀ ਐਡ ਐਮ, ਨਿਗਰਾਨ ਇੰਜੀਨੀਅਰ ਏਪੀਡੀਆਰਪੀ ਅਤੇ ਬਿਜਲੀ ਖਪਤਕਾਰਾਂ ਦੇ ਪ੍ਰਤੀਨਿਧੀਆਂ ਵਿਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਪ੍ਰਤੀਨਿਧ ਜਸਵੀਰ ਗਾਂਧੀ,ਐਮਐਲ ਏ ਅਮਰਗੜ ਦੇ ਪ੍ਰਤੀਨਿਧ ਨਿਰਭੈਅ ਸਿੰਘ,ਐਮ ਐਲ ਏ ਦੇ ਪ੍ਰਤੀਨਿਧ ਡਾਕਟਰ ਚਰਨ ਕਮਲ ਸਿੰਘ,ਸਚਿਨ ਮਿਤਲ,ਵਿਜੈ ਮੈਨਰੋ,ਸੁਮੀਤ ਬਖਸ਼ੀ ਮੈਂਬਰ ਪੈਪਸੂ ਬੋਰਡ,ਐਮਐਲ ਏ ਨਾਭਾ ਦੇ ਪ੍ਰਤੀਨਿਧ ਗੁਲਾਬ ਸਿੰਘ ਮਾਨ, ਦਵਿੰਦਰ ਸਿੰਘ,ਐਮਐਲ ਏ ਗੁਰਦੇਵ ਟਿਵਾਣਾ, ਹਰਦੇਵ ਸਿੰਘ ਪੀ ਐਸ ਟੂ ਐਮਐਲ ਏ ਸਨੋਰ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਇੰਜ. ਗਰੇਵਾਲ ਵੱਲੋਂ ਆਮ ਨਾਗਰਿਕਾਂ ਅਤੇ ਬਿਜਲੀ ਖਪਤਕਾਰਾਂ ਦੇ ਪ੍ਰਤੀਨਿਧੀਆਂ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਵਧੀਆ ਸੇਵਾਵਾਂ ਦੇਣ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਨਜਿੱਠਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪ੍ਰਤੀਨਿਧੀਆਂ ਵੱਲੋਂ ਦਰਸਾਈਆਂ ਮੁਸ਼ਕਿਲਾਂ/ਕੰਮਾਂ ਨੂੰ ਤੁਰੰਤ ਹਲ ਕਰਨ ਲਈ ਸੀਨੀਅਰ ਅਫਸਰਾਂ ਨੂੰ ਮੌਕੇ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ।ਇੰਜ ਗਰੇਵਾਲ ਵੱਲੋਂ ਬਿਜਲੀ ਖਪਤਕਾਰਾਂ ਦੇ ਪ੍ਰਤੀਨਿਧੀਆਂ ਵੱਲੋਂ ਦਿੱਤੇ ਸੁਝਾਵਾਂ ਨੂੰ ਬਹੁਤੇ ਧਿਆਨਪੂਰਵਕ ਸੁਣਦੇ ਹੋਏ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।