ਫਾਜ਼ਿਲਕਾ, 24 ਨਵੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਨਸ਼ਿਆ ਦੀ ਰੋਕਥਾਮ ਲਈ ਆਨਲਾਈਨ ਮਾਧਿਅਮ ਰਾਹੀਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਬੈਠਕ ਦੌਰਾਨ ਨਸ਼ਿਆਂ *ਤੇ ਠਲ ਪਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਚਾਰ—ਵਟਾਂਦਰਾ ਕਰਨ ਦੇ ਨਾਲ—ਨਾਲ ਨਸ਼ਾ ਤਸਕਰਾਂ ਵਿਰੁੱਧ ਹੋਰ ਸਖਤ ਕਦਮ ਚੁੱਕਣ ਸਬੰਧੀ ਚਰਚਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਮੌਕੇ *ਤੇ ਮੌਜੂਦ ਅਧਿਕਾਰੀਆਂ ਤੇ ਆਨਲਾਈਨ ਮਾਧਿਅਮ ਰਾਹੀਂ ਜੁੜੇ ਅਧਿਕਾਰੀਆਂ ਨੂੰ ਕਿਹਾ ਕਿ ਨਸ਼ੇ ਦੀ ਚੇਨ ਨੂੰ ਤੋੜਨ ਲਈ ਸਮੂਹ ਵਿਭਾਗਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਆਪਸੀ ਤਾਲਮੇਲ ਕਾਇਮ ਕਰਦਿਆਂ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਚਲਾਈ ਗਈ ਇਹ ਮੁਹਿੰਮ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਹਰੇਕ ਸਬੰਧਤ ਇੰਚਾਰਜ ਆਪੋ—ਆਪਣਾ ਰੋਲ ਪੂਰੀ ਤਨਦੇਹੀ ਨਾਲ ਨਿਭਾਏਗਾ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ—ਆਪਣੇ ਖੇਤਰ ਵਿਖੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪ੍ਰੇਰਿਤ ਕਰਨ ਅਤੇ ਵੱਧ ਤੋਂ ਵੱਧ ਜਾਗਰੂਕਤਾ ਸੈਮੀਨਾਰ ਲਗਾਏ ਜਾਣ ਤਾਂ ਜ਼ੋ ਬੱਚਿਆਂ ਦੇ ਨਾਲ—ਨਾਲ ਨੌਜਵਾਨ ਵਰਗ ਇਸ ਤੋਂ ਦੂਰ ਰਹੇ। ਉਨ੍ਹਾਂ ਕਿਹਾ ਕਿ ਭਾਰਤ—ਪਾਕਿ ਸਰਹੱਦ ਦੇ ਨਾਲ—ਨਾਲ ਹੋਰ ਸੰਵੇਦਨਸ਼ੀਲ ਥਾਵਾਂ *ਤੇ ਵਿਸ਼ੇਸ਼ ਤੌਰ *ਤੇ ਪੈਣੀ ਨਜਰ ਰੱਖੀ ਜਾਵੇ ਤਾਂ ਜ਼ੋ ਨਸ਼ੇ ਦੀ ਤਸਕਰੀ ਮੁਕੰਮਲ ਤੌਰ *ਤੇ ਬੰਦ ਹੋਵੇ ਜੇਕਰ ਨਸ਼ੇ ਦੀ ਸਪਲਾਈ ਰੁਕੇਗੀ ਤਾਂ ਨਸ਼ਿਆਂ *ਤੇ ਆਪੇ ਹੀ ਠਲ ਪਾਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਬੀ.ਐਸ.ਐਫ ਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ *ਤੇ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਆਰੰਭੀਆਂ ਗਈਆਂ ਹਨ, ਪਰ ਇਸ ਨੂੰ ਜੜੋ ਖਤਮ ਕਰਨ ਲਈ ਵਿਭਾਗਾਂ ਵੱਲੋਂ ਯੋਜਨਾਬੰਦੀ ਕਰਕੇ ਹੋਰ ਗਤੀਵਿਧੀਆਂ ਉਲੀਕੀਆਂ ਜਾਣ। ਇਸ ਮੌਕੇ ਸ੍ਰੀ ਅਤੁਲ ਸੋਨੀ ਡੀ.ਐੱਸ.ਪੀ. ਪੀ.ਬੀ.ਆਈ ਫਾਜਿਲਕਾ, ਸਿਖਿਆ ਵਿਭਾਗ ਤੋਂ ਸਤਿੰਦਰ ਬਤਰਾ ਤੇ ਵੀਡੀਓ ਕੋਨਫਰੈਸ ਰਾਹੀਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।