ਮਾਨਸਾ, 10 ਅਪ੍ਰੈਲ : ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰੇਕ ਯੋਗ ਲਾਭਪਾਤਰੀ ਨੂੰ ਆਪਣਾ ਈ-ਕਾਰਡ ਜਲਦ ਤੋਂ ਜਲਦ ਬਣਾਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਇਸ ਤਹਿਤ ਪੰਜੀਕ੍ਰਿਤ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ (24 ਘੰਟੇ) ਹੋਣ ’ਤੇ ਸਲਾਨਾ 5 ਲੱਖ ਰੁਪਏ ਤੱਕ ਦੇ ਨਗਦੀ-ਰਹਿਤ ਸਿਹਤ ਬੀਮੇ ਦੀ ਸਹੂਲਤ ਮਿਲਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕਾਰਡ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਸਾਰੇ ਲਾਭ ਲੈਣ ਵਿੱਚ ਸਹਾਇਤਾ ਕਰਦਾ ਹੈ। ਇਹ ਯੋਜਨਾ ਲਾਭਪਾਤਰੀ ਅਤੇ ਉਸਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਮੂਹਿਕ ਰੂਪ ਨਾਲ ਹਸਪਤਾਲ ਵਿੱਚ ਹਰ ਸਾਲ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ਼ ਕਰਵਾਉਣ ਦੀ ਸਹੂਲਤ ਦਿੰਦਾ ਹੈ। ਇਸਦਾ ਲਾਭ ਦੇਸ਼ ਭਰ ਦੇ ਕਿਸੇ ਵੀ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਭਰਤੀ ਹੋਣ ’ਤੇ ਪੰਜ ਲੱਖ ਰੁਪਏ ਤੱਕ ਦਾ ਇਲਾਜ਼ ਮੁਫ਼ਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਈ-ਕਾਰਡ ਬਣਵਾਉਣ ਲਈ ਲਾਭਪਾਤਰੀ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਪਰਿਵਾਰ ਪਹਿਚਾਣ ਦਸਤਾਵੇਜ਼ ਜਿਵੇਂ ਰਾਸ਼ਨ ਕਾਰਡ, ਰਾਸ਼ਨ ਕਾਰਡ ਨਾ ਹੋਣ ਦੀ ਸੂਰਤ ਵਿੱਚ ਪਰਿਵਾਰ ਘੋਸ਼ਣਾ ਫਾਰਮ ਜੋ ਕਿ ਸਰਪੰਚ ਜਾਂ ਮਿਊਂਸਿਪਲ ਕੌਂਸਲਰ ਵੱਲੋਂ ਦਸਤਖ਼ਤ ਅਤੇ ਮੋਹਰ ਲੱਗੀ ਹੋਵੇ (ਇਹ ਫਾਰਮ ਵੈੱਬਸਾਈਟ www.sha.punjab.gov.in ’ਤੇ ਉਪਲਬੱਧ ਹੈ) ਜਾਂ ਉਸਾਰੀ ਮਜ਼ਦੂਰ ਦਾ ਰਜਿਸਟ੍ਰੇਸ਼ਨ ਕਾਰਡ ਜੇਕਰ ਇਸ ਵਿੱਚ ਪਰਿਵਾਰ ਦੀ ਜਾਣਕਾਰੀ ਦਰਜ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਕਾਰਡ ਬਣਾਉਣ ਦੀ ਫੀਸ 30 ਰੁਪਏ ਪ੍ਰਤੀ ਕਾਰਡ ਰੱਖੀ ਗਈ ਹੈ। ਜੇਕਰ ਕੋਈ ਜ਼ਿਆਦਾ ਫੀਸ ਦੀ ਮੰਗ ਕਰਦਾ ਹੈ ਤਾਂ ਟੋਲ ਫਰੀ ਨੰਬਰ 104 ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸਹਾਇਤਾ ਲਈ ਜਾਂ ਆਪਣੇ ਨੇੜੇ ਦੇ ਸੂਚੀਬੱਧ ਹਸਪਤਾਲ ਦੀ ਜਾਣਕਾਰੀ ਜਾਂ ਕਿਸੇ ਵੀ ਸ਼ਿਕਾਇਤ ਲਈ ਟੋਲ ਫਰੀ ਨੰਬਰ 104 ਅਤੇ 1055 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਵੈਬਸਾਈਟ (www.sha.punjab.gov.in) ’ਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।