- ਪਾਣੀ ਦੀ ਸਮੱਸਿਆ ਦੇ ਹੱਲ ਲਈ ਨੌ ਟਿਊਬਵੈਲ ਲਾਉਣ ਲਈ ਪ੍ਰਕਿਰਿਆ ਸ਼ੁਰੂ
ਐਸ.ਏ.ਐਸ ਨਗਰ, 4 ਮਈ : ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਖਰੜ ਸ਼ਹਿਰ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਛੇਤੀਂ ਹੱਲ ਹੋਣ ਦਾ ਰਾਹ ਤਿਆਰ ਹੋ ਗਿਆ ਹੈ। ਕੈਬਨਿਟ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਜਿੱਥੇ ਇੱਕ ਪਾਸੇ ਖਰੜ ਦੇ ਏ ਜੋਨ ਵਾਸਤੇ ਪੀਣ ਵਾਲੇ ਨਹਿਰੀ ਪਾਣੀ ਦਾ ਸਾਢੇ ਸੱਤ ਕਰੋੜ ਦਾ ਪ੍ਰਾਜੈਕਟ ਪਾਸ ਹੋ ਗਿਆ ਹੈ, ਓਥੇ ਦੂਜੇ ਪਾਸੇ ਨੌ ਟਿਊਬਵੈਲ ਲਾਉਣ ਲਈ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਅਨਮੋਲ ਗਗਨ ਮਾਨ ਦੇ ਅਨੁਸਾਰ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਵਾਸਤੇ ਸਰਕਾਰ ਵਲੋ ਸਾਢੇ ਸੱਤ ਕਰੋੜ ਰੁਪਏ ਦੇ ਪ੍ਰਾਜੈਕਟ ਪ੍ਰਵਾਨਗੀ ਦਿੱਤੀ ਗਈ ਹੈ। ਇਸ ਨੂੰ ਸੀਵਰੇਜ ਬੋਰਡ ਵੱਲੋਂ ਪਹਿਲਾਂ ਹੀ ਹਰੀ ਝੰਡੀ ਦਿੱਤੀ ਹੋਈ। ਕੈਬਨਿਟ ਮੰਤਰੀ ਦੱਸਿਆ ਕਿ ਆਉਣ ਵਾਲੇ 6 ਮਹੀਨੇ ਦੇ ਅੰਦਰ-ਅੰਦਰ ਖਰੜ ਦੀ ਏ ਜੋਨ ਨੂੰ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਇਸ ਜੋਨ ਵਿੱਚ ਸੰਨੀ ਇਕਲੇਵ, ਮੁੰਡੀ ਖਰੜ, ਸ਼ਿਵਜੋਤ ਇਨਕਲੇਵ ਸਹਿਤ ਮੁੱਖ ਰੋਡ ਤੋਂ ਲੈ ਕੇ ਜੰਡਪੁਰ ਤੱਕ ਦੇ ਹਿੱਸੇ ਸ਼ਾਮਲ ਹਨ। ਮੰਤਰੀ ਅਨੁਸਾਰ ਇਸ ਸਬੰਧੀ ਸਾਰੀਆਂ ਪ੍ਰਬੰਧਕੀ ਪ੍ਰਵਾਨਗੀਆਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦਾ ਮਸਲਾ ਹੱਲ ਕਰਨ ਲਈ ਬਲੋਗੀ ਅਤੇ ਦਾਊਂ ਤੋਂ ਆਉਣ ਵਾਲੇ ਪਾਣੀ ਨੂੰ ਗੋਪਾਲ ਸਵੀਟਸ ਤੋਂ ਮੋੜ ਕੇ ਮੋਹਾਲੀ ਵਾਲੀ ਸਾਇਡ ਪੈਂਦੀ ਨਦੀ ਵਿੱਚ ਸੁੱਟਣ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਇਹ ਕੰਮ ਮਹੀਨੇ ਦੇ ਅੰਦਰ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ ਤੇ ਖਰੜ ਸ਼ਹਿਰ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਮਦਦਗਾਰ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ 9 ਟਿਊਬਵੈਲ ਲਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਵੱਖ-ਵੱਖ ਵਾਰਡਾਂ ਵਿੱਚ ਇਨ੍ਹਾਂ ਕਾਰਜਾਂ ਵਾਸਤੇ ਟੈਂਡਰ ਲੱਗ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਦਫਤਰੀ ਪ੍ਰਕਿਰਿਆਵਾਂ ਪੂਰੀਆਂ ਹੋਣ ਉਪਰੰਤ ਟਿਊਬਵੈਲ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ, ਤਾਂ ਜੋ ਗਰਮੀਆਂ ਦੇ ਮੌਸਮ ਵਿੱਚ ਹਲਕਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਪੇਸ਼ ਨਾ ਆਵੇ।