ਫਤਹਿਗੜ੍ਹ ਸਾਹਿਬ, 23 ਫਰਵਰੀ : ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਫੌਜਦਾਰੀ ਦੰਡ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗੁੱਜਰ/ਚਰਵਾਹੇ/ਆਮ ਵਿਅਕਤੀਆਂ ਵੱਲੋਂ ਭਾਰੀ ਮਾਤਰਾਂ ਵਿੱਚ ਗਾਵਾਂ/ਮੱਝਾਂ/ਭੇਡਾਂ/ਬੱਕਰੀਆਂ ਆਦਿ ਨੂੰ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਸ਼ਹਿਰਾਂ/ਕਸਬਿਆ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਚਰਾਉਣ ਤੇ ਪੂਰਨ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਗੁੱਜਰ/ਚਰਵਾਹੇ ਭਾਰੀ ਮਾਤਰਾ ਵਿੱਚ ਗਾਵਾਂ/ਮੱਝਾਂ/ਭੇਡਾਂ/ਬੱਕਰੀਆਂ ਆਦਿ ਲੈ ਕੇ ਸ਼ਹਿਰਾਂ/ਕਸਬਿਆਂ ਅਤੇ ਪਿੰਡਾਂ ਵਿੱਚ ਘੁੰਮਦੇ/ਫਿਰਦੇ ਹਨ ਜੋ ਕਿ ਲੋਕਾਂ ਦੀਆਂ ਫਸਲਾਂ ਅਤੇ ਸੜਕ ਕਿਨਾਰੇ ਲਗਾਏ ਗਏ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਬੂਟੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਖ ਵੱਖ ਯੋਜਨਾਵਾਂ ਤਹਿਤ ਲਗਾਏ ਜਾਂਦੇ ਹਨ, ਜੋ ਸ਼ਹਿਰਾਂ ਅਤੇ ਪਿੰਡਾਂ ਦੀ ਆਲੇ ਦੁਆਲੇ ਦੀ ਦਿੱਖ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਂਦੇ ਹਨ ਅਤੇ ਵਾਤਾਵਰਣ ਨੂੰ ਵੀ ਹਰਾ ਭਰਾ ਬਣਾਈ ਰੱਖਦੇ ਹਨ। ਇਹਨਾਂ ਪਸ਼ੂਆਂ ਨੂੰ ਸੜਕਾਂ ਤੇ ਚਰਾਉਣ ਸਮੇਂ ਜਿੱਥੇ ਸ਼ਹਿਰਾਂ/ਪਿੰਡਾਂ ਦੀ ਸੁੰਦਰਤਾ ਖਰਾਬ ਹੁੰਦੀ ਹੈ ਉਥੇ ਆਮ ਜਨਤਾ ਨੂੰ ਵੀ ਕਾਫੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ ਕਿਉਂ ਜੋ ਇਹਨਾਂ ਪਸ਼ੂਆਂ ਦੇ ਸੜਕਾਂ ਉਤੇ ਘੁੰਮਣ ਨਾਲ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਵਾਪਰਦੀਆਂ ਹਨ, ਜਿਸ ਨਾਲ ਕਈ ਜਾਨੀ ਅਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਇਸ ਲਈ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਦੇ ਅੰਦਰ ਸ਼ਹਿਰਾਂ/ਕਸਬਿਆ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਗਾਵਾਂ/ਮੱਝਾਂ/ਭੇਡਾਂ/ਬੱਕਰੀਆਂ ਚਰਾਉਣ ਤੇ ਪੂਰਨ ਪਾਬੰਦੀ ਹੋਵੇਗੀ। ਇਹ ਹੁਕਮ 21 ਅਪ੍ਰੈਲ 2024 ਤੱਕ ਲਾਗੂ ਰਹਿਣਗੇ।