- ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ. ਦਾ ਗਠਨ ਅਤੇ ਮੀਡੀਆ ਮਾਨੀਟਰਿੰਗ ਸੈੱਲ ਸਥਾਪਿਤ -ਆਸ਼ਿਕਾ ਜੈਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਮਾਰਚ : ਆਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ, ਚੋਣ ਪ੍ਰਕਿਰਿਆ ਨੂੰ ਸੁਤੰਤਰ ਅਤੇ ਨਿਰਪੱਖ ਬਣਾਉਣ ਲਈ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜੋ ਕਿ ਦੋ ਸੰਸਦੀ ਹਲਕਿਆਂ ਸ੍ਰੀ ਅਨੰਦਪੁਰ ਸਾਹਿਬ ਅਤੇ ਪਟਿਆਲਾ, ਵਿੱਚ ਪੈਂਦਾ ਹੈ, ਵਿੱਚ ਜ਼ਿਲ੍ਹਾ ਪੱਧਰੀ ਮੀਡੀਆ ਨਿਗਰਾਨ ਸੈੱਲ ਅਤੇ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਨਿਗਰਾਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦੇ ਮੈਂਬਰ ਐਸ ਡੀ ਐਮ-ਕਮ-ਸਹਾਇਕ ਰਿਟਰਨਿੰਗ ਅਫਸਰ ਦੀਪਾਂਕਰ ਗਰਗ, ਐਮ ਸੀ ਦੇ ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ, ਡੀ ਪੀ ਆਰ ਓ ਰਵੀ ਇੰਦਰ ਸਿੰਘ, ਪ੍ਰਸਾਰ ਭਾਰਤੀ ਦੇ ਪੱਤਰਕਾਰ ਮਨੋਜ ਗਿਰਧਰ, ਜਗਮੋਹਨ ਸਿੰਘ ਅਤੇ ਹਰਵਿੰਦਰ ਸਿੰਘ (ਡੀਈਓ (ਈਈ) ਦਫ਼ਤਰ ਤੋਂ ਐਮਆਈਐਸ ਕੋਆਰਡੀਨੇਟਰ) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਐਮ ਸੀ ਐਮ ਸੀ ਕਮੇਟੀ ਦੇ ਗਠਨ ਤੋਂ ਇਲਾਵਾ, ਇਲੈਕਟ੍ਰਾਨਿਕ ਮੀਡੀਆ, ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿੱਚ ਚੋਣਾਂ ਨਾਲ ਸਬੰਧਤ ਖ਼ਬਰਾਂ ਖਾਸ ਤੌਰ ‘ਤੇ ਪੇਡ ਨਿਊਜ਼ ਨੂੰ ਰੋਕਣ ਲਈ 24×7 ਮੀਡੀਆ ਨਿਗਰਾਨ ਸੈੱਲ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ. ਇਲੈਕਟ੍ਰਾਨਿਕ ਮੀਡੀਆ ਚ ਜਾਣ ਵਾਲੀ ਇਸ਼ਤਿਹਾਰੀ ਸਿਆਸੀ ਸਮੱਗਰੀ ਦੀ ਸਰਟੀਫਿਕੇਸ਼ਨ ਕਮੇਟੀ ਦੇ ਨਾਲ ਨਾਲ ਨਾਲ-ਨਾਲ ਚੋਣਾਂ ਨਾਲ ਸਬੰਧਤ ਮੀਡੀਆ ਦੀਆਂ ਖ਼ਬਰਾਂ ਦੀ ਨਿਗਰਾਨੀ ਵਜੋਂ ਵੀ ਕੰਮ ਕਰੇਗੀ। ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਏ.ਡੀ.ਸੀ.(ਜ) ਨੂੰ ਰੋਜ਼ਾਨਾ ਦੀ ਕਾਰਵਾਈ ਦੀ ਨਿਗਰਾਨੀ ਕਰਨ ਲਈ ਐਮ.ਸੀ.ਐਮ.ਸੀ. ਦੇ ਨੋਡਲ ਅਫ਼ਸਰ ਵਜੋਂ ਕੰਮ ਕਰਨ ਲਈ ਵੀ ਕਿਹਾ। ਸ੍ਰੀਮਤੀ ਜੈਨ ਨੇ ਤਹਿਸੀਲਦਾਰ, ਜ਼ਿਲ੍ਹਾ ਚੋਣ ਦਫ਼ਤਰ ਨੂੰ ਹਦਾਇਤ ਕੀਤੀ ਕਿ ਉਹ ਐਮ.ਸੀ.ਐਮ.ਸੀ. ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜੀਂਦੀ ਮੈਨਪਾਵਰ, ਇਲੈਕਟ੍ਰਾਨਿਕ ਉਪਕਰਨ ਅਤੇ ਹੋਰ ਸਮਾਨ ਮੁਹੱਈਆ ਕਰਵਾਉਣ। ਉਨ੍ਹਾਂ ਨੇ ਐਮ.ਸੀ.ਐਮ.ਸੀ. ਨੂੰ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਵਧਾਨੀ ਨਾਲ ਕੰਮ ਕਰਨ ਅਤੇ ਮੀਡੀਆ ਦਿਸ਼ਾ ਨਿਰਦੇਸ਼ਾਂ ਨਾਲ ਸਬੰਧਤ ਕਿਸੇ ਵੀ ਉਲੰਘਣਾ ਦੀ ਰਿਪੋਰਟ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਲਈ ਵੀ ਕਿਹਾ। ਮੀਟਿੰਗ ਵਿੱਚ ਏ ਡੀ ਸੀ (ਜ) ਵਿਰਾਜ ਐਸ ਟਿਡਕੇ, ਏ ਡੀ ਸੀ (ਆਰ ਡੀ) ਸੋਨਮ ਚੌਧਰੀ, ਐਸ ਡੀ ਐਮ ਮੁਹਾਲੀ ਦੀਪਾਂਕਰ ਗਰਗ, ਏ ਸੀ (ਜ) ਡੇਵੀ ਗੋਇਲ, ਡੀ ਪੀ ਆਰ ਓ ਰਵੀ ਇੰਦਰ ਸਿੰਘ, ਚੋਣ ਤਹਿਸੀਲਦਾਰ ਸੰਜੇ ਕੁਮਾਰ, ਡੀ ਈ ਓ (ਈਈ) ਦਫਤਰ ਤੋਂ ਜਗਮੋਹਨ ਸਿੰਘ ਐਮ ਆਈ ਐਸ ਕੋਆਰਡੀਨੇਟਰ ਹਾਜ਼ਰ ਸਨ।