- ਸਬ ਡਵੀਜ਼ਨਾਂ ਦੇ ਉੱਪ ਮੰਡਲ ਮੈਜਿਸਟਰੇਟ, ਡੀ. ਐਸ. ਪੀ ਨੂੰ ਇਕੱਠੇ ਚੋਣਾਂ ਸਬੰਧੀ ਵਿਉਂਤਬੰਦੀ ਕਰਨ ਦੇ ਹੁਕਮ
ਬਰਨਾਲਾ, 26 ਫਰਵਰੀ : ਜ਼ਿਲ੍ਹਾ ਚੋਣ ਅਫ਼ਸਰ - ਕਮ - ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਅੱਜ ਚੋਣਾਂ ਸਬੰਧੀ ਅਹਿਮ ਬੈਠਕ ਸੀਨੀਅਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਫ਼ਸਰਾਂ ਨਾਲ ਕੀਤੀ। ਇਸ ਮੌਕੇ ਬੋਲਦਿਆਂ ਪੂਨਮਦੀਪ ਕੌਰ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀ ਮੈਪਿੰਗ ਨਾਜ਼ੁਕ ਅਤੇ ਕਮਜ਼ੋਰ ਵਰਗ ਦੇ ਹਿਸਾਬ ਨਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਬੰਧਿਤ ਡਵੀਜ਼ਨਾਂ ਦੇ ਉੱਪ ਮੰਡਲ ਮੈਜਿਸਟਰੇਟ ਅਤੇ ਡੀ. ਐੱਸ. ਪੀ. ਇਹ ਸਾਰੀ ਵਿਉਂਤਬੰਦੀ ਇਕੱਠੇ ਕਰਨਗੇ ਤਾਂ ਜੋ ਲੋੜ ਮੁਤਾਬਕ ਆਉਣ ਵਾਲੇ ਸਮੇਂ ‘ਚ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸੁਰੱਖਿਆ ਬਲਾਂ ਦੀ ਰਹਿਣ ਵਾਲੀਆਂ ਥਾਵਾਂ ਦੀ ਸ਼ਨਾਖਤ ਕਰ ਲਈ ਜਾਵੇ ਅਤੇ ਲੋੜ ਮੁਤਾਬਕ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਤੀ ਪੋਲਿੰਗ ਬੂਥ ਅਤੇ ਵੋਟ ਗਿਣਤੀ ਕੇਂਦਰਾਂ ਵਿਖੇ ਸੁਰੱਖਿਆ ਬਲ ਦੀ ਤਾਇਨਾਤੀ ਸਬੰਧੀ ਵੇਰਵੇ ਸਾਂਝੇ ਕਰੇ ਜਾਣ ਤਾਂ ਜੋ ਇਸ ਸਬੰਧੀ ਪ੍ਰਬੰਧ ਕੀਤੇ ਜਾਣ। ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਕਿਹਾ ਕਿ ਜਲਦ ਹੀ ਅਸਲਾ ਧਾਰਕਾਂ ਤੋਂ ਅਸਲਾ ਪੁਲਿਸ ਕੋਲ ਜਮ੍ਹਾਂ ਕਰਵਾਉਣ ਦਾ ਕੰਮ ਵੀ ਸ਼ੁਰੂ ਕਰ ਲਿਆ ਜਾਵੇਗਾ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਿਵਲ ਪ੍ਰਸ਼ਾਸਨ ਅਫ਼ਸਰਾਂ ਨਾਲ ਮਿਲ ਕੇ ਚੋਣਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੂਪ੍ਰੀਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਨਜੀਤ ਸਿੰਘ ਚੀਮਾ, ਉੱਪ ਮੰਡਲ ਮੈਜਿਸਟਰੇਟ ਮਹਿਲ ਕਲਾਂ ਸਤਵੰਤ ਸਿੰਘ, ਉੱਪ ਮੰਡਲ ਮੈਜਿਸਟਰੇਟ ਬਰਨਾਲਾ ਵਰਿੰਦਰ ਸਿੰਘ, ਪੁਲਿਸ ਸੀਨੀਅਰ ਅਫ਼ਸਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।