- ਸਹਿਕਾਰੀ ਸਭਾਵਾਂ ਨੂੰ ਮਜਬੂਤ ਕਰਨ ਲਈ ਬੈਠਕ
ਫਾਜਿਲ਼ਕਾ, 28 ਨਵੰਬਰ : ਸਹਿਕਾਰਤਾ ਵਿਭਾਗ ਅਧੀਨ ਕੰਮ ਕਰਦੀਆਂ ਸਹਿਕਾਰੀ ਸਭਾਵਾਂ ਨੂੰ ਹੋਰ ਮਜਬੂਤ ਕਰਨ ਅਤੇ ਇੰਨ੍ਹਾਂ ਨੂੰ ਜਨ ਸੇਵਾ ਕਰਦੇ ਹੋਏ ਵਪਾਰਕ ਤੌਰ ਤੇ ਸਮੱਰਥ ਬਣਾਉਣ ਲਈ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅਧਿਕਾਰੀਆਂ ਨਾਲ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿਚ 123 ਸਹਿਕਾਰੀ ਸਭਾਵਾਂ ਕਾਰਜਸ਼ੀਲ ਹਨ ਅਤੇ ਇੰਨ੍ਹਾਂ ਨੂੰ ਪੜਾਅਵਾਰ ਤਰੀਕੇ ਨਾਲ ਕੰਪਿਊਟ੍ਰੀਕ੍ਰਿਤ ਕੀਤਾ ਜਾਵੇਗਾ। ਇਸ ਦੇ ਪਹਿਲੇ ਪੜਾਅ ਵਿਚ 23 ਸੁਸਾਇਟੀਆਂ ਦਾ ਕੰਪਿਊਟ੍ਰੀਕਰਨ ਕੀਤਾ ਜਾਵੇਗਾ। ਇਸ ਤਰਾਂ ਉਨ੍ਹਾਂ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਕਿਸਾਨ ਕੈ੍ਰਡਿਟ ਕਾਰਡ ਦਾ ਵੇਰਵਾ ਸਰਕਾਰ ਦੀ ਮੰਗ ਅਨੁਸਾਰ ਭੇਜਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਵਿਚ ਗੋਦਾਮ ਬਣਾਉਣ ਦੀਆਂ ਸੰਭਾਵਨਾਵਾਂ ਤਲਾਸੀਆਂ ਜਾਣ ਜਿਸ ਲਈ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਫੰਡ ਤਹਿਤ ਸਰਕਾਰ ਤੋਂ ਮਦਦ ਵੀ ਮਿਲ ਸਕਦੀ ਹੈ। ਇਸ ਤਰਾਂ ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਦੀਆਂ ਸੁਸਾਇਟੀਆਂ ਵਿਚ ਕਾਮਨ ਸਰਵਿਸ ਸੈਂਟਰ ਦੀਆਂ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾਣੀਆਂ ਹਨ। ਪਹਿਲੇ ਪੜਾਅ ਵਿਚ 25 ਸੁਸਾਇਟੀਆਂ ਵਿਚ ਇਹ ਸੇਵਾਵਾਂ ਸੁ਼ਰੂ ਕੀਤੀਆਂ ਜਾ ਰਹੀਆਂ ਹਨ ਪਰ ਬਾਕੀ ਸੁਸਾਇਟੀਆਂ ਵਿਚ ਵੀ ਇਹ ਪ੍ਰਕ੍ਰਿਆ ਜਲਦ ਪੂਰੀ ਕਰਨ ਦੀ ਹਦਾਇਤ ਡਿਪਟੀ ਕਮਿਸ਼ਨਰ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਵਿਚ 4 ਕਿਸਾਨ ਉਤਪਾਦਕ ਸਮੂਹ ਹਨ ਇੰਨ੍ਹਾਂ ਨੂੰ ਵੱਧ ਤੋਂ ਵੱਧ ਕਾਰਜਸ਼ੀਲ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਮੰਡੀਕਰਨ ਵਿਚ ਮਦਦ ਦੇ ਉਪਰਾਲੇ ਕਰਨ ਲਈ ਯੋਗ ਵਿਉਂਤਬੰਦੀ ਕੀਤੀ ਜਾਵੇ। ਇਸਤੋਂ ਬਿਨ੍ਹਾਂ ਸਿਹਕਾਰੀ ਸਭਾਵਾਂ ਵਿਚ ਜਨ ਔਸਧੀ ਕੇਂਦਰ ਅਤੇ ਪਟਰੋਲ ਪੰਪ ਵੀ ਖੋਲ੍ਹੇ ਜਾਣਗੇ। ਬੈਠਕ ਵਿਚ ਡੀਆਰ ਸਹਿਕਾਰੀ ਸਭਾਵਾਂ ਸ੍ਰੀ ਸੋਨੂੰ ਮਹਾਜਨ, ਐਮ ਡੀ ਸਹਿਕਾਰੀ ਬੈਂਕ ਸ੍ਰੀ ਹਰਵਿੰਦਰ ਸਿੰਘ ਢਿੱਲੋਂ, ਡੀਡੀਐਮ ਨਾਬਾਰਡ ਅਸ਼ਵਨੀ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ, ਪਸ਼ੂ ਪਾਲਣ ਵਿਭਾਗ ਤੋਂ ਗੁਰਚਰਨ ਸਿੰਘ, ਮੱਛੀ ਅਫਸਰ ਕੋਕਮ ਕੌਰ, ਵੇਰਕਾ ਤੋਂ ਡਾ: ਪਰਮਜੀਤ ਸਿੰਘ ਵੀ ਹਾਜਰ ਸਨ।