ਮਲੋਟ, 09 ਅਪ੍ਰੈਲ : ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਕਾਰਨ ਖਰਾਬ ਹੋਈ ਕਣਕ ਦੀ ਫਸਲ ਤੋਂ ਪ੍ਰੇਸ਼ਾਨ ਪਿੰਡ ਭਲਾਈਆਣਾ ਦੇ ਇੱਕ ਕਿਸਾਨ ਵੱਲੋਂ ਨਹਿਰ ‘ਚ ਛਾਲ ਮਾਰਕੇ ਖੁਦਕੁਸ਼ੀ ਕਰ ਲੈਣ ਦੀ ਦੁੱਖਦਾਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਸਾਧੂ ਸਿੰਘ ਵਾਸੀ ਪਿੰਡ ਭਲਾਈਆਣਾ, ਜੋ ਬੀਤੇ ਕੱਲ੍ਹ ਤੋਂ ਘਰ ਤੋਂ ਲਾਪਤਾ ਸੀ, ਜਿਸ ਦੀ ਉਨ੍ਹਾਂ ਦੇ ਪਰਿਵਾਰ ਵੱਲੋਂ ਰਿਸ਼ਤੇਦਾਰੀਆਂ ਤੋਂ ਇਲਾਵਾ ਹੋਰਨਾਂ ਥਾਵਾਂ ਤੇ ਭਾਲ ਕੀਤੀ, ਪਰ ਐਤਵਾਰ ਨੂੰ ਕਿਸਾਨ ਸਾਧੂ ਸਿੰਘ ਦੀ ਲਾਸ਼ ਤੇ ਮੋਟਰਸਾਈਕਲ ਪਿੰਡ ਦੋਦਾ ਕੋਲੋਂ ਲੰਘਦੀ ਰਾਜਸਥਾਨ ਫੀਡਰ ਸੋਥਾ ਹੈੱਡ ਨਹਿਰ ਕੋਲ ਮਿਲਿਆ, ਜਿਸ ਤੋਂ ਬਾਅਦ ਪੁਲਿਸ ਵੱਲੋਂ ਲਾਸ਼ ਨੂੰ ਕਬਜੇ ‘ਚ ਲੈ ਕੇ ਸਿਵਲ ਹਸਪਤਾਲ ਗਿੱਦੜਬਾਹਾ ਲਈ ਭੇਜ ਦਿੱਤਾ ਹੈ। ਜਿਕਰਯੋਗ ਹੈ ਕਿ ਕਿਸਾਨ ਸਾਧੂ ਸਿੰਘ ਇੱਕ ਸੀਮਿਤ ਕਿਸਾਨ ਸੀ, ਉਸਦੇ 2 ਪੁੱਤਰ ਹਨ, ਜਿੱਥੇ ਪਰਿਵਾਰ ਕੋਲ 12 ਏਕੜ ਜਮੀਨ ਹੈ, ਉੱਥੇ 20 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਸੀ। ਪਰਿਵਾਰ ਅਨੁਸਾਰ ਕਿਸਾਨ ਸਾਧੂ ਸਿੰਘ ਮੀਂਹ ਕਾਰਨ ਖਰਾਬ ਹੋਈ ਫਸਲ ਕਾਰਨ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ।ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।