- ਭਲਕੇ ਹੋਣ ਵਾਲੀ ਦੂਸਰੀ ਸਰਕਾਰ-ਕਿਸਾਨ ਮਿਲਣੀ ਸਬੰਧੀ ਜਾਰੀ ਗਤੀਵਿਧੀਆਂ ਦੀ ਵੀ ਕੀਤੀ ਸਮੀਖਿਆ, ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਕੀਤੇ ਜਾਰੀ
ਲੁਧਿਆਣਾ, 10 ਮਈ : ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਵਲੋਂ ਦਫਤਰ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਵਿਖੇ ਦੌਰਾ ਕੀਤਾ ਅਤੇ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨਾਲ ਜ਼ਿਲ੍ਹੇ ਦਾ ਦੌਰਾ ਵੀ ਕੀਤਾ ਅਤੇ ਬਲਾਕ ਲੁਧਿਆਣਾ ਅੰਦਰ ਥਰੀਕੇ ਪਿੰਡ ਵਿਖੇ ਕਿਸਾਨ ਸੁਖਵੰਤ ਸਿੰਘ ਦੇ ਖੇਤਾਂ ਵਿੱਚ ਬਿਜਵਾਏ ਮੂੰਗੀ ਤੇ ਮੱੱਕੀ ਦੇ ਪ੍ਰਦਰਸ਼ਨੀ ਪਲਾਟ ਵੀ ਦੇਖੇ। ਉਨ੍ਹਾਂ ਥਰੀਕੇ ਵਿਖੇ ਚੱਲ ਰਿਹਾ ਪ੍ਰੋਸੈਸਿੰਗ ਯੂਨਿਟ ਵੀ ਵੇਖਿਆ। ਡਾ. ਗੁਰਵਿੰਦਰ ਸਿੰਘ ਵਲੋਂ ਜ਼ਿਲ੍ਹੇ ਅੰਦਰ ਚੱਲ ਰਹੇ ਕਾਰਜਾਂ ਸਬੰਧੀ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਦੂਸਰੀ ਸਰਕਾਰ-ਕਿਸਾਨ ਮਿਲਣੀ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਇਸ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਕਿਸਾਨਾਂ ਨੂੰ ਸਰਕਾਰ ਦੀ ਇਸ ਪਹਿਲਕਦਮੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿਹਾ ਕਿ ਕਿਸਾਨ ਇਸ ਸਮਾਰੋਹ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਪੇਸ਼ ਕਰਨ ਅਤੇ ਕਿਸੇ ਵੀ ਕਿਸਮ ਦੀ ਮੁਸ਼ਕਿਲ ਸਬੰਧੀ ਵੀ ਵਿਚਾਰ ਸਾਂਝੇ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਨਿਵੇਕਲੀ ਪਹਿਲ ਵਿੱਚ ਕਿਸਾਨਾਂ ਨੂੰ ਸ਼ਾਮਲ ਹੋਣ ਲਈ ਆਪਣੇ ਖੇਤਰ ਦੇ ਬਲਾਕ ਖੇਤੀਬਾੜੀ ਅਫਸਰ ਜਾਂ ਖੇਤੀਬਾੜੀ ਵਿਕਾਸ ਅਫਸਰ/ਖੇਤੀਬਾੜੀ ਵਿਸਥਾਰ ਅਫਸਰ ਨਾਲ ਸੰਪਰਕ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਸ਼ਮੂਲੀਅਤ ਕਰਵਾਉਣ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਨਾਲ ਡਾ.ਜਗਦੇਵ ਸਿੰਘ ਭਨੋਹੜ ਬਲਾਕ ਖੇਤੀਬਾੜੀ ਅਫਸਰ, ਲੁਧਿਆਣਾ, ਡਾ. ਹਰਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਬੱਦੋਵਾਲ, ਸੰਦੀਪ ਸਿੰਘ, ਖੇਤੀਬਾੜੀ ਉਪ ਨਿਰੀਖਕ ਵੀ ਸ਼ਾਮਿਲ ਸਨ।