ਲੋਹਟਬੱਦੀ 02 ਅਪਰੈਲ (ਚਮਕੌਰ ਸਿੰਘ ਦਿਓਲ) : ਅੱਜ ਦੁਪਿਹਰ ਦੋ ਵਜੇ ਦੇ ਕਰੀਬ ਪਿੰਡ ਲੋਹਟਬੱਦੀ ਦੇ ਨਜਦੀਕ ਦੋ ਗੱਡੀਆਂ ਦੀ ਸਿੱਧੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਦੋਵੇਂ ਗੱਡੀਆਂ ’ਚ ਸਵਾਰ ਦੋ ਬਚਿਆਂ ਸਮੇਤ 7 ਵਿਅਕਤੀਆਂ ਜਖਮੀ ਹੋ ਗਏ, ਜਦਕਿ ਪੰਜ ਗੰਭੀਰ ਜਖਮੀਆਂ ਨੂੰ ਸਰਕਾਰੀ ਹਸਪਤਾਲ ਰਾਏਕੋਟ ਦੇ ਡਾਕਟਰਾਂ ਨੇ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਜਿੰਨ ਕਾਰ ਜਿਸ ਵਿਚ ਸਨੀ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਤੱਖਰ ਕਲਾਂ(ਮਲੇਰਕੋਟਲਾ) ਆਪਣੇ ਪਿੰਡ ਦੇ ਚਾਰ ਹੋਰ ਨੌਜਵਾਨਾਂ ਸਮੇਤ ਰਾਏਕੋਟ ਤੋਂ ਮਲੇਰਕੋਟਲਾ ਨੂੰ ਜਾ ਰਿਹਾ ਸੀ ਪਰ ਜਦੋਂ ਉਹ ਪਿੰਡ ਲੋਹਟਬੱਦੀ ਤੋਂ ਅੱਗੇ ਗਿਆ ਤਾਂ ਉਸ ਦੀ ਕਾਰ ਵਿਚ ਅਚਾਨਕ ਤਕਨੀਕੀ ਨੁਕਸ ਪੈ ਜਾਣ ਕਾਰਨ ਕਾਰਨ ਬੇਕਾਬੂ ਹੋ ਕੇ ਮਲੇਰਕੋਟਲਾ ਵੱਲੋਂ ਰਾਏਕੋਟ ਨੂੰ ਆ ਰਹੀ ਇੱਕ ਹੋਰ ਜਿੰਨ ਕਾਰ ਨਾਲ ਟਕਰਾਅ ਗਈ।ਇਸ ਕਾਰ ਨੂੰ ਸੁਖਦੀਪ ਸਿੰਘ ਵਾਸੀ ਮੁਬਾਰਕਪੁਰ(ਮਲੇਰਕੋਟਲਾ) ਚਲਾ ਰਿਹਾ ਸੀ ਅਤੇ ਉਹ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਰਾਏਕੋਟ ਵੱਲ ਨੂੰ ਆ ਰਿਹਾ ਸੀ ਪ੍ਰੰਤੂ ਪਿੰਡ ਲੋਹਟਬੱਦੀ ਨਜ਼ਦੀਕ ਦੋਵੇਂ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ। ਜਿਸ ਦੌਰਾਨ ਪੰਜ ਨੌਜਵਾਨ ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਕਰਮਜੀਤ ਸਿੰਘ, ਅਰਸ਼ਦੀਪ ਸਿੰਘ ਅਤੇ ਸਨੀ ਸਿੰਘ ਸਾਰੇ ਵਸਨੀਕ ਪਿੰਡ ਤੱਖਰ ਕਲਾਂ(ਮਲੇਰਕੋਟਲਾ) ਸਮੇਤ ਦੂਜੀ ਗੱਡੀ ’ਚ ਸਵਾਰ ਸੁਖਦੀਪ ਸਿੰਘ ਤੇ ਉਸਦੀ ਪਤਨੀ ਜਸਵੀਰ ਕੌਰ, ਬੇਟੀ ਜਸਨੀਤ ਕੌਰ(8), ਬੇਟਾ ਹਰਮਨਦੀਪ ਸਿੰਘ(7) ਗੰਭੀਰ ਜਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਚੌਂਕੀ ਲੋਹਟਬੱਦੀ ਦੇ ਇੰਚਾਰ ਸੁਖਵਿੰਦਰ ਸਿੰਘ ਦਿਓਲ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜੇ ਅਤੇ ਜਖਮੀਆਂ ਨੂੰ ਐਬੂਲੈਂਸ ਦੀ ਮਦਦ ਨਾਲ ਰਾਏਕੋਟ ਦੇ ਸਰਕਾਰੀ ਹਸਪਤਾਲ ਵਿਖੇ ਭੇਜਿਆ, ਜਿਥੇ ਡਾਕਟਰਾਂ ਨੇ ਪੰਜੇ ਨੌਜਵਾਨਾਂ ਦੀ ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਲੁਧਿਆਣਾ ਵਿਖੇ ਭੇਜ ਦਿੱਤਾ, ਉਥੇ ਹੀ ਬੱਚੀ ਜਸਨੀਤ ਕੌਰ ਦੇ ਚਾਰ ਦੰਦ ਟੁੱਟ ਗਏ, ਜਿਨ੍ਹਾਂ ਨੂੰ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਘਟਨਾ ਸਥਾਨ ਤੋਂ ਲੱਭ ਕੇ ਡਾਕਟਰਾਂ ਨੂੰ ਦਿੱਤੇ, ਜਿਥੇ ਡਾਕਟਰਾਂ ਨੇ ਬੱਚੀ ਦੇ ਦੰਦ ਜੁੜਨ ਦਾ ਭਰੋਸਾ ਦਿੱਤਾ।