- ਪਿੰਡ ਸੰਘੇੜਾ ਅਤੇ ਪਿੰਡ ਕਰਮਗੜ੍ਹ ਵਿਖੇ 7.21 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ
ਬਰਨਾਲਾ, 29 ਫਰਵਰੀ : ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਘੇੜਾ ਅਤੇ ਪਿੰਡ ਕਰਮਗੜ੍ਹ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਉਨ੍ਹਾਂ ਕਿਹਾ ਕਿ ਕਾਫੀ ਲੰਬੇ ਅਰਸੇ ਬਾਅਦ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਜਿਸ ਲਈ ਅਸੀਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਾਂ। ਮੀਤ ਹੇਅਰ ਨੇ ਦੱਸਿਆ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਰਨਾਲਾ ਨੂੰ ਫੰਡਾਂ ਦੇ ਗੱਫੇ ਦਿੱਤੇ ਜਾ ਰਹੇ ਹਨ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ ਅਤੇ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਇਕੱਲੇ ਸੰਘੇੜੇ ਪਿੰਡ ਵਿਖੇ ਤਕਰੀਬਨ 7 ਕਰੋੜ 21 ਲੱਖ ਰੁਪਏ ਦੀ ਲਾਗਤ ਨਾਲ ਨਹਿਰੀ ਖਾਲ ਬਣਾਏ ਜਾਣਗੇ। ਜਿਸ ਨਾਲ ਕਿਸਾਨਾਂ ਨੂੰ ਖੇਤਾਂ ਤੱਕ ਪਾਣੀ ਪਹੁੰਚਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਧਰਤੀ ਹੇਠਲਾ ਪਾਣੀ ਬਚਾਉਣ ਵਿੱਚ ਸਹਾਇਤਾ ਮਿਲੇਗੀ।ਇਸ ਲਈ ਉਹਨਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ 120 ਕਰੋੜ ਰੁਪਏ ਤੋਂ ਵੱਧ ਫੰਡ ਨਹਿਰੀ ਖਾਲ ਬਣਾਉਣ ਲਈ ਆਪਣੇ ਹਲਕੇ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਜ਼ਮੀਨਦੋਜ਼ ਪਾਈਪਾਂ ਪਾ ਕੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਨਾਲ ਨਾ ਕੇਵਲ ਕਿਸਾਨਾਂ ਨੂੰ ਨਿਰਵਿਘਨ ਪਾਣੀ ਦੀ ਸਪਲਾਈ ਮਿਲਦੀ ਹੈ ਬਲਕਿ ਧਰਤੀ ਹੇਠਲੇ ਪਾਣੀ ਦੀ ਖੇਤੀ ਲਈ ਵਰਤੋਂ ਖ਼ਤਮ ਹੁੰਦੀ ਹੈ ਅਤੇ ਉਸ ਦਾ ਪੱਧਰ ਉੱਚਾ ਚੁੱਕਣ 'ਚ ਸਹਾਇਤਾ ਮਿਲਦੀ ਹੈ। ਉਨ੍ਹਾਂ ਸੰਘੇੜੇ ਪਿੰਡ ਵਿੱਚ 72 ਲੱਖ ਰੁਪਏ ਦੀ ਲਾਗਤ ਨਾਲ ਲਗਾਈ ਜਾਣ ਵਾਲੇ ਇੰਟਰਲੋਕਿੰਗ ਟਾਇਲਾਂ ਦੇ ਕੰਮ ਦਾ ਉਦਘਾਟਨ ਕੀਤਾ । ਨਾਲ ਹੀ ਉਨ੍ਹਾਂ ਸਰਕਾਰੀ ਹਾਈ ਸਕੂਲ ਸੰਘੇੜਾ ਦੇ ਗਰਾਊਂਡ ਲਈ 40 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਪਿੰਡ ਕਰਮਗੜ੍ਹ ਵਿਖੇ ਉਨ੍ਹਾਂ ਪੰਚਾਇਤ ਘਰ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਉੱਤੇ 40 ਲੱਖ ਰੁਪਏ ਦੀ ਲਾਗਤ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਵਿਕਾਸ ਕਾਰਜ ਨਿਰੰਤਰ ਚੱਲ ਰਹੇ ਹਨ। ਜਿੰਨਾ ਵਿੱਚ ਛੱਪੜਾਂ ਦੇ ਨਵੀਨੀਕਰਨ, ਸਕੂਲਾਂ ਦੇ ਗਰਾਊਂਡ, ਪੰਚਾਇਤ ਘਰ ਆਦਿ ਵਧੀਆ ਬਣਾਏ ਜਾ ਰਹੇ ਹਨ। ਸੰਘੇੜੇ ਪਿੰਡ ਤੋਂ ਬਾਅਦ ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਪਿੰਡ ਕਰਮਗੜ੍ਹ ਵਿਖੇ ਕਮਿਊਨਟੀ ਸੈਂਟਰ ਬਣਾਉਣ ਲਈ ਨੀਂਹ ਪੱਥਰ ਰੱਖਿਆ ਗਿਆ ਜਿਸ ‘ਤੇ ਤਕਰੀਬਨ 40 ਲੱਖ ਰੁਪਏ ਦਾ ਖਰਚਾ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਲਗਭਗ 9 ਧਰਮਸ਼ਾਲਾਵਾਂ ਲਈ ਇਕ ਤੋਂ ਦੋ ਲੱਖ ਰੁਪਏ ਪ੍ਰਤੀ ਧਰਮਸ਼ਾਲਾ ਦੇ ਹਿਸਾਬ ਨਾਲ ਜਾਰੀ ਕੀਤੇ ਜਾ ਚੁੱਕੇ ਹਨ। ਇਸ ਮੌਕੇ ਨਗਰ ਕੌਂਸਲ ਕਾਰਜ ਸਾਧਕ ਅਫ਼ਸਰ ਵਿਸ਼ਾਲਦੀਪ ਅਤੇ ਹੋਰ ਮੋਹਤਵਰ ਲੋਕ ਹਾਜ਼ਰ ਸਨ।