ਭਾਦਸੋਂ, 10 ਮਈ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅੱਜ ਨੇੜਲੇ ਪਿੰਡ ਰੋੜੇਵਾਲ ਸਥਿਤ ਫ਼ਕੀਰੋ ਕੇ ਬਖ਼ਸ਼ਿਸ਼ੇ ਤਖ਼ਤ ਪ੍ਰਾਚੀਨ ਉਦਾਸੀਨ ਡੇਰਾ ਰੋੜੇਵਾਲ ਵਿਖੇ ਬ੍ਰਹਮਲੀਨ ਸੰਤ ਬਾਵਾ ਪੂਰਨ ਦਾਸ ਜੀ ਦੀ 57ਵੀਂ ਬਰਸੀ ਨੂੰ ਸਮਰਪਿਤ, ਗੱਦੀਨਸ਼ੀਨ ਸੰਤ ਬਾਬਾ ਗੁਰਚਰਨ ਦਾਸ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਮੌਕੇ ਨਤਮਸਤਕ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਬ੍ਰਹਮਲੀਨ ਸੰਤ ਬਾਵਾ ਪੂਰਨ ਦਾਸ ਜੀ ਵੱਲੋਂ ਵਿੱਦਿਆ ਦਾ ਚਾਨਣ ਫੈਲਾਉਣ ਲਈ ਵਿੱਦਿਆ ਦੇ ਮੰਦਰਾਂ ਦੀ ਉਸਾਰੀ ਕਰਵਾਉਣ ਸਮੇਤ ਭੁੱਲੇ ਭਟਕੇ ਲੋਕਾਂ ਨੂੰ ਅਕਾਲ ਪੁਰਖ ਦੇ ਲੜ ਲਗਾ ਕੇ ਸਮੁਚੀ ਲੋਕਾਈ ਦੇ ਭਲੇ ਲਈ ਕੀਤੇ ਗਏ ਕਾਰਜਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਡਿਪਟੀ ਸਪੀਕਰ ਨੇ ਕਿਹਾ ਕਿ ਸੰਤ ਪੁਰਸ਼ ਸਮਾਜ ਤੇ ਲੋਕਾਂ ਦੇ ਭਲੇ ਲਈ ਸੰਸਾਰ ਉਪਰ ਆਉਂਦੇ ਹਨ ਅਤੇ ਲੋਕਾਂ ਦਾ ਭਲਾ ਕਰਕੇ ਇਸ ਸੰਸਾਰ ਤੋਂ ਚਲੇ ਜਾਂਦੇ ਹਨ ਪਰੰਤੂ ਉਨ੍ਹਾਂ ਵੱਲੋਂ ਕੀਤੇ ਗਏ ਕਾਰਜ ਸਦਾ ਅਮਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੰਤ ਬਾਬਾ ਗੁਰਚਰਨ ਦਾਸ ਜੀ ਵੀ ਸੰਤ ਮਹਾਂਪੁਰਸ਼ਾਂ ਦੇ ਪਾਏ ਪੂਰਨਿਆਂ 'ਤੇ ਚਲਦੇ ਹੋਏ ਲੋਕਾਂ ਨੂੰ ਗੁਰੂ ਦੇ ਲੜ ਲਗਾਉਂਦੇ ਹੋਏ ਲੋਕ ਸੇਵਾ ਦੇ ਕਾਰਜ ਕਰ ਰਹੇ ਹਨ। ਇਸ ਦੌਰਾਨ ਧਾਰਮਿਕ ਦੀਵਾਨ ਸਜਾਏ ਗਏ, ਜਿਸ ਦੌਰਾਨ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਬ੍ਰਹਮਲੀਨ ਸੰਤ ਬਾਵਾ ਪੂਰਨ ਦਾਸ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸੰਗਤ ਨੂੰ ਜਾਣੂ ਕਰਵਾਇਆ ਗਿਆ। ਸਮਾਗਮ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ, ਬਾਬਾ ਬਘੇਲ ਸਿੰਘ, ਸਾਬਕਾ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ, ਜਤਿੰਦਰ ਸਿੰਘ ਸੋਮਲ, ਗਿਆਨੀ ਭਜਨ ਸਿੰਘ ਚੰਡੀਗੜ੍ਹ ਸਮੇਤ ਵੱਡੀ ਗਿਣਤੀ ਸੰਗਤ ਤੇ ਇਲਾਕਾ ਨਿਵਾਸੀ ਮੌਜੂਦ ਸਨ।