ਮੋਗਾ, 20 ਮਈ : ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਪਸ਼ੂਆਂ ਉਤੇ ਜੁਲਮ ਰੋਕੂ ਸੰਸਥਾ (ਐਸ.ਪੀ.ਸੀ.ਏ.) ਦੀ ਮੀਟਿੰਗ ਬੁਲਾਈ। ਮੀਟਿੰਗ ਵਿੱਚ ਸੰਸਥਾ ਵੱਲੋਂ ਬੇਸਹਾਰਾ ਪਸ਼ੂ/ਪੰਛੀਆਂ ਉਪਰ ਹੋਣ ਵਾਲੇ ਅੱਤਿਆਚਾਰਾਂ ਨੂੰ ਰੋਕਣ ਲਈ ਕੀਤੇ ਗਏ ਉਪਰਾਲਿਆਂ ਉਪਰ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਉਨਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਸ੍ਰੀਮਤੀ ਚਾਰੂ ਮਿਤਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਸ੍ਰੀਮਤੀ ਹਰਵੀਨ ਕੌਰ ਧਾਲੀਵਾਲ, ਨਗਰ ਨਿਗਮ ਦੇ ਅਧਿਕਾਰੀ ਅਤੇ ਜ਼ਿਲੇ ਦੇ ਸਮਾਜ ਸੇਵੀ ਹਾਜ਼ਰ ਸਨ। ਬੇਸਹਾਰਾ ਪਸ਼ੂ/ਪੰਛੀਆਂ ਉੱਪਰ ਹੋਣ ਵਾਲੇ ਅੱਤਿਆਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੀਟਿੰਗ ਵਿੱਚ ਹਾਜ਼ਰ ਸਮਾਜ ਸੇਵੀਆਂ ਵੱਲੋਂ ਗਊਧਨ ਦੇ ਗੋਬਰ ਤੋਂ ਵਰਤੋਂ ਯੋਗ ਸਮਾਨ ਬਣਨ ਬਾਰੇ ਵੀ ਵਿਚਾਰ ਸਾਂਝੇ ਕੀਤੇ ਤਾਂ ਜੋ ਗਊਸ਼ਾਲਾਵਾਂ ਦੀ ਆਮਦਨ ਵਧਾਉਣ ਵਿੱਚ ਯੋਗਦਾਨ ਮਿਲ ਸਕੇ। ਡਿਪਟੀ ਕਮਿਸ਼ਨਰ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਨੂੰ ਹਦਾਇਤ ਕੀਤੀ ਕਿ ਕੈਟਲ ਪੌਂਡ ਕਿਸ਼ਨਪੁਰਾ ਕਲਾਂ ਵਿਖੇ ਗਊਧਨ ਲਈ ਹਰੇ ਚਾਰੇ ਨੂੰ ਪੈਦਾ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣ। ਮੀਟਿੰਗ ਵਿੱਚ ਐਸ.ਪੀ.ਸੀ.ਏ ਮੈਂਬਰਸ਼ਿਪ ਵਧਾਉਣ ਅਤੇ ਫ਼ੰਡ ਰੇਜਿੰਗ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਬਾਰੇ ਵਿਚਾਰ ਚਰਚਾ ਕੀਤੀ। ਮੀਟਿੰਗ ਵਿੱਚ ਇਸ ਸੰਸਥਾ ਦੇ ਮੈਂਬਰ/ਵਲੰਟੀਅਰਾਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣ ਦੇ ਮੁੱਦੇ ਉੱਪਰ ਵੀ ਵਿਚਾਰ ਚਰਚਾ ਹੋਈ ਤਾਂ ਜੋ ਇਹ ਮੈਂਬਰ ਅਗਰ ਕੋਈ ਸ਼ਿਕਾਇਤ ਦਰਜ਼ ਕਰਵਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਕੋਲ ਜਾਵੇ ਤਾਂ ਉਸਦੀ ਰਿਪੋਰਟ ਪਹਿਲ ਦੇ ਅਧਾਰ ਉਤੇ ਦਰਜ ਕੀਤੀ ਜਾਵੇ। ਹਾਜ਼ਰੀਨ ਵਿਭਾਗਾਂ ਦੇ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਲੋਕਾਂ ਨੂੰ ਪਸ਼ੂਆਂ/ਪੰਛੀਆਂ ਉੱਪਰ ਹੋਣ ਵਾਲੇ ਅੱਤਿਆਚਾਰਾਂ ਖਿਲਾਫ਼ ਆਵਾਜ਼ ਚੁੱਕਣ ਲਈ ਜਾਗਰੂਕ ਕਰਨ ਨੂੰ ਯਕੀਨੀ ਬਣਾਉਣ।