- ਬੇਟੀਆਂ ਬਿਨਾਂ ਸੰਸਾਰ ਵਿਚ ਕੁਝ ਵੀ ਸੰਭਵ ਨਹੀਂ, ਬਸ ਲੋੜ ਹੈ ਲੜਕੀਆਂ ਨੂੰ ਪ੍ਰਵਾਜ ਦੇਣ ਦੀ—ਡਿਪਟੀ ਕਮਿਸ਼ਨਰ
- ਸਰਕਾਰੀ ਸਕੂਲ ਕੋੜਿਆਂ ਵਾਲੀ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ਤਹਿਤ ਕਰਵਾਇਆ ਪ੍ਰੋਗਰਾਮ
ਫਾਜ਼ਿਲਕਾ, 2 ਫਰਵਰੀ : ਸਿਖਿਆ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋੜਿਆਂ ਵਾਲੀ ਵਿਖੇ ਭਾਸ਼ਣ ਤੇ ਪੋਸਟਰ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਤਹਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਨੇ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਬੇਟੀਆਂ ਬਿਨਾਂ ਸੰਸਾਰ ਵਿਚ ਕੁਝ ਵੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਮਾਂ ਜ਼ੋ ਬਚੇ ਨੂੰ ਜਨਮ ਦਿੰਦੀ ਹੈ ਉਹ ਵੀ ਇਕ ਬੇਟੀ ਹੈ ਤੇ ਉਸ ਤੋਂ ਬਾਅਦ ਹੀ ਸੰਸਾਰ ਦੀ ਯਾਤਰਾ ਸ਼ੁਰੂ ਹੁੰਦੀ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਯੁਗ ਵਿਚ ਲੜਕਾ—ਲੜਕੀ ਵਿਚ ਕੋਈ ਫਰਕ ਨਹੀਂ। ਉਨ੍ਹਾਂ ਕਿਹਾ ਕਿ ਲੜਕੀਆਂ ਵੀ ਲੜਕਿਆਂ ਦੇ ਬਰਾਬਰ ਹੀ ਵਡੇ—ਵਡੇ ਮੁਕਾਮਾਂ *ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਵੀ ਲੜਕੀਆਂ/ਬੇਟੀਆਂ ਨੂੰ ਪੂਰਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਨੂੰ ਉਤਸਾਹਿਤ ਕਰਦਿਆਂ ਆਖਿਆ ਕਿ ਬੇਟੀਆਂ ਹੋਣ *ਤੇ ਵੀ ਸਾਨੂੰ ਉਨੀ ਹੀ ਖੁਸ਼ੀ ਹੋਣੀ ਚਾਹੀਦੀ ਹੈ ਜਿੰਨੀ ਲੜਕਾ ਹੋਣ *ਤੇ ਹੁੰਦੀ ਹੈ। ਇਸ ਤੋਂ ਇਲਾਵਾ ਲੜਕੀਆਂ ਨੁੰ ਵੀ ਪੜ੍ਹਾਈ ਦੇ ਅਵਸਰ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜ਼ੋ ਲੜਕੀਆਂ ਵੀ ਅੱਗੇ ਵਧਣ ਤੇ ਉਚੀਆਂ ਪਦਵੀਆਂ ਹਾਸਲ ਕਰਦੇ ਹੋਏ ਆਪਣਾ, ਆਪਣੇ ਮਾਪਿਆ, ਆਪਣੇ ਸਕੇ ਸਬੰਧੀਆਂ ਦਾ ਨਾਮ ਰੋਸ਼ਨ ਕਰਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਪ੍ਰਵਾਜ ਦੇਣ ਦੀ ਲੋੜ ਹੈ ਜਿਸ ਸਦਕਾ ਉਹ ਵੀ ਆਪਣੇ ਭਵਿਖ ਨੂੰ ਹੋਰ ਬਿਹਤਰੀ ਤਰੀਕੇ ਨਾਲ ਚਮਕਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਲੜਕੇ—ਲੜਕੀ ਦੇ ਫਰਕ ਨੂੰ ਖਤਮ ਕਰਦਿਆਂ ਬਰਾਬਰਤਾ ਦੇ ਅਧਿਕਾਰ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਰਾਬਰ ਅਧਿਕਾਰਾਂ ਨੂੰ ਮੁੱਖ ਰੱਖਦਿਆ ਹੋਇਆ ਖੁਸ਼ਹਾਲ ਪੰਜਾਬ ਦੀ ਪ੍ਰਾਪਤੀ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਸਾਫ—ਸਫਾਈ, ਚੰਗੀ ਖੁਰਾਕ ਦਾ ਸੇਵਨ, ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਆਦਿ ਚੰਗੀਆਂ ਗਲਾਂ ਨੂੰ ਖੁਦ *ਤੇ ਲਾਗੂ ਕਰਨ ਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਭਾਸ਼ਣ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਆਸਫ ਵਾਲਾ ਦੀ ਬਲਜੀਤ ਕੌਰ ਨੇ ਪਹਿਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਪ੍ਰਿਯੰਕਾ ਨੇ ਦੂਜਾ ਅਤੇ ਸਰਕਾਰੀ ਸਕੂਲ ਲਾਲੋ ਵਾਲੀ ਦੀ ਨਕੀਤਾ ਦੇਵੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੋਸਟਰ ਮੁਕਾਬਲੇ ਵਿਚ ਸਰਕਾਰੀ ਸਕੂਲ ਖੂਈ ਖੇੜਾ ਦੇ ਸਾਹਿਲ ਨੇ ਪਹਿਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਪ੍ਰੇਰਨਾ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਦੀ ਨਿਸ਼ੂ ਕੁਮਾਰੀ ਨੇ ਤੀਸਰਾ ਸਥਾਨ ਹਾਸਲ ਕੀਤਾ। ਸਰਕਾਰੀ ਸਕੂਲ ਖੂਈ ਖੇੜਾ ਦੇ ਮਨੀਸ਼ ਅਤੇ ਘੱਲੂ ਦੇ ਲਵਲੀਨਾ ਨੂੰ ਹੌਸਲਾਅਫਜਾਈ ਇਨਾਮ ਦਿੱਤੇ ਗਏ। ਇਸ ਮੌਕੇ ਡਿਪਟੀ ਡੀ.ਈ.ਓ ਪੰਕਜ ਅੰਗੀ ਤੇ ਅੰਜੂ ਸੇਠੀ, ਪ੍ਰਿੰਸੀਪਲ ਰਾਜੀਵ ਮੱਕੜ, ਮੈਡਮ ਸਮ੍ਰਿਤੀ ਕਟਾਰੀਆ ਤੇ ਨਵਜੀਤ ਕੌਰ, ਸਿਖਿਆ ਵਿਭਾਗ ਤੋਂ ਸਤਿੰਦਰ ਬਤਰਾ, ਜਯੋਤੀ ਸ਼ਰਮਾ, ਨੋਡਲ ਇੰਚਾਰਜ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਅੰਕੁਰ ਸ਼ਰਮਾ ਅਤੇ ਸਤਿੰਦਰ ਸਚੇਦਵਾ ਮੌਜੂਦ ਸੀ।