- ਪਹਿਲੇ ਦਿਨ ਡਿਪਟੀ ਕਮਿਸ਼ਨਰ ਸਮੇਤ ਸਾਰੇ ਅਧਿਕਾਰੀ ਅਤੇ ਕਰਮਚਾਰੀ ਨਵੇਂ ਸਮੇਂ ਅਨੁਸਾਰ ਦਫ਼ਤਰਾਂ ਵਿੱਚ ਪਹੁੰਚੇ
ਮੋਗਾ, 2 ਮਈ : ਲੋਕਾਂ ਦੇ ਕੰਮ ਸਵੇਰੇ ਪਹਿਲੇ ਸਮੇਂ ਹੋਣੇ ਯਕੀਨੀ ਬਣਾਉਣ ਅਤੇ ਬਿਜਲੀ ਦੀ ਬਚਤ ਨੂੰ ਧਿਆਨ ਵਿੱਚ ਰਖਦਿਆਂ ਪੰਜਾਬ ਸਰਕਾਰ ਨੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਕੀਤਾ ਗਿਆ ਹੈ। ਜ਼ਿਲ੍ਹਾ ਮੋਗਾ ਵਿੱਚ ਅੱਜ ਪਹਿਲੇ ਦਿਨ ਸਾਰੇ ਸਰਕਾਰੀ ਦਫ਼ਤਰ ਨਵੇਂ ਸਮੇਂ ਅਨੁਸਾਰ ਖੁੱਲ੍ਹੇ। ਅੱਜ ਪਹਿਲੇ ਦਿਨ ਡਿਪਟੀ ਕਮਿਸ਼ਨਰ ਸਮੇਤ ਸਾਰੇ ਅਧਿਕਾਰੀ ਅਤੇ ਕਰਮਚਾਰੀ ਨਵੇਂ ਸਮੇਂ ਅਨੁਸਾਰ ਦਫ਼ਤਰਾਂ ਵਿੱਚ ਪਹੁੰਚੇ। ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਸਹੀ ਮਾਅਨਿਆਂ ਵਿੱਚ ਪਾਲਣਾ ਅਤੇ ਆਮ ਲੋਕਾਂ ਨੂੰ ਸਮੇਂ ਸਿਰ ਸੇਵਾ ਮੁਹਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਵੱਲੋਂ ਸਟੈਂਪ ਵੈਂਡਰ ਅਤੇ ਟਾਈਪ ਰਾਈਟਰਜ਼ ਨੂੰ ਵੀ ਸਵੇਰੇ 7:30 ਵਜੇ ਕੰਮ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਦ ਆਮ ਲੋਕ ਸਰਕਾਰੀ ਦਫ਼ਤਰਾਂ ਵਿੱਚ ਆਉਂਦੇ ਹਨ ਤਾਂ ਉਹਨਾਂ ਦੇ ਬਹੁਤੇ ਕੰਮ ਅਰਜੀ ਨਵੀਸਾਂ ਅਤੇ ਟਾਈਪ ਰਾਈਟਰਜ਼ ਨਾਲ ਸਬੰਧਤ ਹੀ ਹੁੰਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਫੈਸਲਾ ਪੰਜਾਬ ਸਰਕਾਰ ਨੇ ਪੰਜਾਬ ਦੀ ਬਿਹਤਰੀ ਲਈ ਹੀ ਲਿਆ ਹੈ। ਇਸ ਫੈਸਲੇ ਨਾਲ ਮੁਲਾਜ਼ਮ ਵਰਗ ਅਤੇ ਆਮ ਲੋਕ ਦੋਨੋਂ ਖੁਸ਼ ਹਨ, ਕਿਉਂਕਿ ਆਮ ਲੋਕ ਹੁਣ ਆਪਣੀਆਂ ਸਰਕਾਰੀ ਸੇਵਾਵਾਂ ਦੁਪਹਿਰ ਦੀ ਗਰਮੀ ਵਧਣ ਤੋਂ ਪਹਿਲਾਂ ਪਹਿਲਾਂ ਲੈ ਕੇ ਆਪਣੇ ਘਰਾਂ ਨੂੰ ਪਰਤ ਸਕਦੇ ਹਨ। ਮੁਲਾਜ਼ਮ ਲੋਕਾਂ ਨੂੰ ਵੀ ਇਸ ਫੈਸਲੇ ਨਾਲ ਗਰਮੀ ਤੋਂ ਰਾਹਤ ਮਿਲੇਗੀ ਕਿਉਂਕਿ ਉਹ 2 ਵਜੇ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਸਕਦੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦੀ ਵੀ ਇਸ ਨਾਲ ਬਹੁਤ ਜਿਆਦਾ ਬੱਚਤ ਹੋਵੇਗੀ। ਇਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਆਮ ਲੋਕਾਂ ਨੇ ਬਹੁਤ ਸਵਾਗਤ ਕੀਤਾ ਹੈ। ਇਹ ਦੇਖਿਆ ਗਿਆ ਕਿ ਆਮ ਲੋਕ ਅੱਜ ਸਵੇਰੇ ਹੀ ਆਪਣੇ ਕੰਮ ਵਗੈਰਾ ਕਰਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਆ ਗਏ। ਆਪਣੇ ਕੰਮ ਸਮੇਂ ਸਿਰ ਹੋਣ ਤੋਂ ਖੁਸ਼ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।