ਰਾਜਪੁਰਾ, 10 ਫਰਵਰੀ : ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਹੈ। ਦਿੱਲੀ ਰਾਜਪੁਰਾ ਰੋਡ ‘ਤੇ ਪੁਲਿਸ ਵੱਲੋਂ ਬੈਰੀਕੇਟਿੰਡ ਕੀਤੀ ਗਈ ਹੈ। ਦਿੱਲੀ ਕੂਚ ਤੋਂ ਪਹਿਲਾਂ ਅੱਜ ਦਿੱਲੀ-ਰਾਜਪੁਰਾ ਰੋਡ ਕੋਲ ਸ਼ੰਭੂ ਬਾਰਡਰ ਕੋਲ ਕਿਸਾਨਾਂ ਵੱਲੋਂ ਇੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ, ਜਿਥੇ ਵੱਡੀ ਗਿਣਤੀ ਵਿੱਚ ਕਿਸਾਨ ਆਪਣੇ ਟਰੈਕਟਰ ਲੈ ਕੇ ਪਹੁੰਚੇ ਹੋਏ ਹਨ। ਇਸ ਸਬੰਧੀ ਕਿਸਾਨ ਆਗੂ ਸਤਪਾਲ ਸਿੰਘ ਮਹਿਮਰਪੁਰ ਬਲਾਕ ਸਕੱਤਰ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਨੇ ਜਾਣਕਾਰੀ ਦਿੰਦੇ ਦਹੋਏ ਦੱਸਿਆ ਕਿ ਉਨ੍ਹਾਂ ਨੇ ਇਹ ਮਾਰਚ ਬਹਾਦਰਗੜ੍ਹ ਤੋਂ ਘਨੌਰ, ਘਨੌਰ ਤੋਂ ਸ਼ੰਭੂ ਤੱਕ ਕੱਢਿਆ ਹੈ। ਇਸ ਮਗਰੋਂ ਉਹ ਵਾਪਸੀ ਕਰਨਗੇ। ਉਨ੍ਹਾਂ ਕਿਹਾ ਕਿ ਉਹ 13 ਤਰੀਕ ਨੂੰ ਹੀ ਹਰਿਆਣਾ ਦਾ ਬਾਰਡਰ ਟੱਪਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਹ ਮਾਰਚ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢ ਰਹੇ ਹਾਂ। ਉਹ ਪਿੰਡਾਂ ਵਿੱਚੋਂ ਹੁੰਦੇ ਆਏ ਹਨ, ਜਿਥੇ ਲੋਕਾਂ ਨੇ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ। ਲੋਕ ਦਿੱਲੀ ਕੂਚ ਲਈ ਆਪਣੀਆਂ ਟਰਾਲੀਆਂ ਲੈ ਕੇ ਤਿਆਰ ਖੜ੍ਹੇ ਹਨ। ਦੱਸ ਦੇਈਏ ਕਿ ਪ੍ਰੋਗਰਾਮ ਮੁਤਾਬਕ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨਗੀਆਂ। ਪੰਜਾਬ ਦੇ ਕਿਸਾਨ ਦਿੱਲੀ ਜਾਣ ਲਈ 10 ਹਜ਼ਾਰ ਟਰੈਕਟਰ ਟਰਾਲੀਆਂ ‘ਤੇ ਹਰਿਆਣਾ ‘ਚ ਦਾਖਲ ਹੋਣਗੇ। ਇਸ ਲਈ ਸ਼ੰਭੂ ਬਾਰਡਰ, ਡੱਬਵਾਲੀ ਅਤੇ ਖਨੌਰੀ ਬਾਰਡਰ ਦੀ ਚੋਣ ਕੀਤੀ ਗਈ ਹੈ। ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਰਸਤੇ ਦਿੱਲੀ ਜਾਣ ਤੋਂ ਰੋਕਣ ਲਈ ਅੰਬਾਲਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੰਜਾਬ ਅਤੇ ਹਰਿਆਣਾ ਦੀ ਸ਼ੰਭੂ ਸਰਹੱਦ ਨੂੰ ਸੀਮਿੰਟ ਦੇ ਬੈਰੀਕੇਡ ਲਗਾ ਕੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਘੱਗਰ ਦਰਿਆ ’ਤੇ ਬਣੇ ਪੁਲ ਨੂੰ ਵੀ ਬੰਦ ਕਰ ਦਿੱਤਾ ਹੈ। ਇਸ ਦੇ ਅੰਦਰ ਖੁਦਾਈ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨ ਟਰੈਕਟਰਾਂ ਨਾਲ ਇਸ ਵਿੱਚੋਂ ਲੰਘ ਨਾ ਸਕਣ। ਪੰਜਾਬ ਦੇ ਪਟਿਆਲਾ ਤੋਂ ਅੰਬਾਲਾ ਨੂੰ ਜਾਣ ਵਾਲੀ ਸੜਕ ਦਾ ਰੂਟ ਮੋੜ ਦਿੱਤਾ ਗਿਆ ਹੈ। ਪਟਿਆਲਾ ਦੇ ਡੀਸੀ ਸ਼ੌਕਤ ਅਹਿਮਦ ਨੇ ਦੱਸਿਆ ਕਿ ਅੰਬਾਲਾ ਤੋਂ ਦਿੱਲੀ ਜਾਣ ਲਈ 4 ਰੂਟ ਤੈਅ ਕੀਤੇ ਗਏ ਹਨ। ਪਹਿਲਾ ਸ਼ੰਭੂ, ਰਾਜਪੁਰਾ, ਬਨੂੜ ਏਅਰਪੋਰਟ ਰੋਡ, ਡੇਰਾਬਸੀ, ਅੰਬਾਲਾ, ਦਿੱਲੀ ਹੈ। ਦੂਜੇ ਨੰਬਰ ‘ਤੇ ਦਿੱਲੀ ਤੋਂ ਸ਼ੰਭੂ, ਰਾਜਪੁਰਾ, ਬਨੂੜ, ਪੰਚਕੂਲਾ, ਨਾਡਾ ਸਾਹਿਬ, ਬਰਵਾਲਾ, ਸ਼ਹਿਜ਼ਾਦਪੁਰ, ਸਾਹਾ, ਸ਼ਾਹਬਾਦ ਹੈ। ਤੀਜੇ ਨੰਬਰ ‘ਤੇ ਦਿੱਲੀ ਤੋਂ ਰਾਜਪੁਰਾ, ਪਟਿਆਲਾ, ਪਿਹੋਵਾ, ਕੁਰੂਕਸ਼ੇਤਰ ਹੈ। ਚੌਥਾ ਰਸਤਾ: ਰਾਜਪੁਰਾ, ਪਟਿਆਲਾ, ਪਿਹੋਵਾ ਤੋਂ 152D ਐਕਸਪ੍ਰੈਸਵੇਅ ਰਾਹੀਂ ਰੋਹਤਕ ਤੋਂ ਦਿੱਲੀ ਤੱਕ ਪਹੁੰਚਿਆ ਜਾ ਸਕਦਾ ਹੈ। ਸੋਨੀਪਤ, ਝੱਜਰ, ਪੰਚਕੂਲਾ ਤੋਂ ਬਾਅਦ ਕੈਥਲ ‘ਚ ਵੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਚੰਡੀਗੜ੍ਹ ਤੋਂ ਪੰਜਾਬ ਦੇ ਕਿਸਾਨ ਵੀ ਦਿੱਲੀ ਜਾਣ ਲਈ ਪੰਚਕੂਲਾ ਰਾਹੀਂ ਹਰਿਆਣਾ ਵਿੱਚ ਦਾਖਲ ਹੋ ਸਕਦੇ ਹਨ। ਕਿਸਾਨਾਂ ਨੂੰ ਰੋਕਣ ਲਈ ਸੂਬੇ ਵਿੱਚ 150 ਦੇ ਕਰੀਬ ਨਾਕੇ ਲਾਏ ਗਏ ਹਨ। ਪੰਜਾਬ ਅਤੇ ਹਰਿਆਣਾ ਵਿਚਕਾਰ ਚੱਲਣ ਵਾਲੀਆਂ ਸਾਰੀਆਂ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕਿਸਾਨ ਅੰਦੋਲਨ ਨਾਲ ਨਜਿੱਠਣ ਲਈ ਵਿਸ਼ੇਸ਼ ਪੁਲਿਸ ਟੁਕੜੀਆਂ ਨੂੰ ਅੱਗੇ ਲਿਆਉਣ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆ ਵੱਲ ਵੀ ਧਿਆਨ ਦਿੱਤਾ ਗਿਆ ਹੈ। ਜਵਾਨਾਂ ਲਈ ਫੁੱਲ ਬਾਡੀ ਪ੍ਰੋਟੈਕਟਰ ਗਿਅਰ ਸੂਟ ਆਰਡਰ ਕੀਤੇ ਗਏ ਹਨ, ਜਿਸ ਨੂੰ ਪਹਿਨਣ ਤੋਂ ਬਾਅਦ ਸੈਨਿਕ ਨਾ ਤਾਂ ਲਾਠੀਆਂ, ਡੰਡੇ ਅਤੇ ਨਾ ਹੀ ਧੱਕਾ ਮਾਰਨ ਜਾਂ ਪੱਥਰ ਸੁੱਟਣ ਨਾਲ ਪ੍ਰਭਾਵਿਤ ਹੋਣਗੇ। ਪੁਲਿਸ ਡਰੋਨ ਨਾਲ ਸ਼ੰਭੂ ਬਾਰਡਰ ‘ਤੇ ਨਜ਼ਰ ਰੱਖੇਗੀ। ਇਹ ਡਰੋਨ ਆਮ ਨਾਲੋਂ ਬਹੁਤ ਵੱਡਾ ਹੈ ਅਤੇ ਮੀਂਹ ਦਾ ਵੀ ਇਸ ‘ਤੇ ਕੋਈ ਅਸਰ ਨਹੀਂ ਹੋਵੇਗਾ। ਡਰੋਨ ਕਰਨਾਲ ਤੋਂ ਮੰਗਵਾਇਆ ਗਿਆ ਹੈ। ਇਸ ਨੂੰ ਉਤਾਰੇ ਬਿਨਾਂ ਲਗਭਗ 1 ਘੰਟੇ ਤੱਕ ਇਸ ਨਾਲ ਵੀਡੀਓਗ੍ਰਾਫੀ ਕੀਤੀ ਜਾ ਸਕਦੀ ਹੈ।