ਪਟਿਆਲਾ 03 ਅਪ੍ਰੈਲ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ 15 ਦੇਸ਼ਾਂ ਦਾ ਸਿੱਖ ਆਗੂਆਂ ਦਾ ਵਫ਼ਦ ਸ਼ਰਧਾਲੂ ਬਣਕੇ ਗੁਰੂ ਦਰਬਾਰ ਵਿਖੇ ਨਤਮਸਤਕ ਹੋਇਆ। ਸਿੱਖ ਵਫ਼ਦ ਵਿਚ ਸ਼ਾਮਲ ਵੱਖ ਵੱਖ ਦੇਸ਼ਾਂ ਦੀਆਂ 101 ਧਾਰਮਕ ਸਖਸ਼ੀਅਤਾਂ ਦਾ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਸਮੇਤ ਗੁਰਦੁਆਰਾ ਪ੍ਰਬੰਧਕਾਂ ਨੇ ਜੀ ਆਇਆ ਆਖਿਆ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਦੇ ਨਾਲ-ਨਾਲ ਸਨਮਾਨਤ ਵੀ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਯੋਗੀ ਅਮਨਦੀਪ ਸਿੰਘ ਨੇ ਕਿਹਾ ਕਿ ਵੱਖ ਵੱਖ ਦੇਸ਼ਾਂ ਦੇ ਧਾਰਮਕ ਆਗੂਆਂ ਦਾ ਵਫ਼ਦ ਪੰਜਾਬ ਦੇ ਉਨ੍ਹਾਂ ਧਾਰਮਕ ਅਸਥਾਨਾਂ ਦੇ ਦਰਸ਼ਨ ਕਰ ਰਿਹਾ, ਜਿਥੇ ਦਸ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ ਹੈ ਅਤੇ ਇਤਿਹਾਸ ਬਾਬਤ ਜਾਣਕਾਰੀ ਵੀ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਗੁਰਬਾਣੀ ਉਦੇਸ਼ ਰਾਹੀਂ ਸਮੁੱਚੀ ਮਾਨਵਤਾ ਨੂੰ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ, ਜਿਸ ਨੂੰ ਪਹੁੰਚਾਉਣ ਦਾ ਕੰਮ ਦੇਸ਼ਾਂ ਦੇ ਧਾਰਮਕ ਨੁਮਾਇੰਦੇ ਕਰ ਰਹੇ ਹਨ ਤਾਂ ਕਿ ਭਾਈਚਾਰਕ ਸਾਂਝ ਨੂੰ ਦੇਸ਼ ਵਿਦੇਸ਼ ਦੀ ਧਰਤੀ ’ਤੇ ਲਿਜਾਕੇ ਗੁਰੂ ਸਾਹਿਬਾਨ ਦੇ ਮਿਸ਼ਨ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਹੁੰਚ ਕੇ ਅੱਜ ਪ੍ਰਬੰਧਕਾਂ ਪਾਸੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਤ ਇਤਿਹਾਸਕ ਜਾਣਕਾਰੀ ਹਾਸਲ ਕੀਤੀ ਹੈ, ਉਥੇ ਹੀ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਨ ਦੇ ਨਾਲ ਪੰਗਤ ਸੰਗਤ ਕਰਕੇ ਗੁਰਬਾਣੀ ਕੀਰਤਨ ਦਾ ਆਨੰਦ ਵੀ ਮਾਣਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਜਰਨੈਲ ਸਿੰਘ ਮੁਕਤਸਰੀ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਭਾਗ ਸਿੰਘ, ਗੁਰਮੀਤ ਸਿੰਘ ਸੁਨਾਮ ਤੋਂ ਇਲਾਵਾ ਸੰਤ ਮਹਾਂਪੁਰਸ਼ ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆ ਆਦਿ ਧਾਰਮਕ ਆਗੂਆਂ ਦੇ ਵਫ਼ਦ ਮੈਂਬਰ ਵੀ ਸ਼ਾਮਲ ਸਨ।