ਲੁਧਿਆਣਾ, 7 ਮਈ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਹਰਭਜਨ ਸਿੰਘ ਡਾਂਗ ਦਾ ਦੇਹਾਂਤ ਹੋ ਗਿਆ। ਜਥੇਦਾਰ ਡਾਂਗ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਕੌਂਸਲਰ ਵੀ ਸਨ। ਉਹ ਲਗਾਤਾਰ 6 ਵਾਰ ਕੌਂਸਲਰ ਰਹੇ ਹਨ। ਇਸ ਦੇ ਨਾਲ ਹੀ ਨਗਰ ਨਿਗਮ ਹਾਊਸ 'ਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ।ਜੱਥੇਦਾਰ ਹਰਭਜਨ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਲੋਕ ਸਭਾ ਉਪ ਚੋਣ ਵਿੱਚ ਡਿਊਟੀ ਲਗਾਈ ਹੋਈ ਸੀ। ਉਹ ਲੁਧਿਆਣਾ ਦੇ ਨਾਲ ਲੱਗਦੇ ਫਿਲੌਰ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਪ੍ਰਚਾਰ ਲਈ ਲੱਗੇ ਹੋਏ ਸਨ। ਪ੍ਰਚਾਰ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਉਸ ਨੂੰ ਤੁਰੰਤ ਲੁਧਿਆਣਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਅਕਾਲੀ ਆਗੂ ਸੁਰਿੰਦਰ ਸਿੰਘ ਬੰਟੀ ਚੌਹਾਨ ਨੇ ਦੱਸਿਆ ਕਿ ਹਰਭਜਨ ਸਿੰਘ ਪਾਰਟੀ ਦੇ ਮਿਹਨਤੀ ਆਗੂ ਸਨ ਅਤੇ ਉਨ੍ਹਾਂ ਦਾ ਇਲਾਕੇ ਦੇ ਲੋਕਾਂ ਵਿੱਚ ਚੰਗਾ ਪ੍ਰਭਾਵ ਸੀ। ਇਹੀ ਕਾਰਨ ਸੀ ਕਿ ਉਹ ਲਗਾਤਾਰ 6 ਵਾਰ ਕੌਂਸਲਰ ਚੁਣੇ ਗਏ।ਉਨ੍ਹਾਂ ਦੱਸਿਆ ਕਿ ਜਥੇਦਾਰ ਹਰਭਜਨ ਡਾਂਗ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 3 ਵਜੇ ਮਾਡਲ ਟਾਊਨ ਲੁਧਿਆਣਾ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ।
ਸੁਖਬੀਰ ਸਿੰਘ ਬਾਦਲ ਵਲੋਂ ਦੁੱਖ ਦਾ ਪ੍ਰਗਟਾਵਾ
ਜਥੇਦਾਰ ਡੰਗ ਦੇ ਅਕਾਲ ਚਲਾਣੇ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅਫ਼ਸੋਸ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ "ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਸਾਡੇ ਸਤਿਕਾਰਯੋਗ ਜੱਥੇਦਾਰ ਸ. ਹਰਭਜਨ ਸਿੰਘ ਜੀ ਡੰਗ (ਪ੍ਰਧਾਨ ਜਿਲ੍ਹਾ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ) ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਦੁੱਖ ਦੀ ਘੜੀ 'ਚ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਡੰਗ ਪਰਿਵਾਰ ਦੇ ਨਾਲ ਖੜ੍ਹਾ ਹੈ।"