ਰਾਏਕੋਟ, 09 ਫਰਵਰੀ (ਰਘਵੀਰ ਸਿੰਘ ਜੱਗਾ) : ਪੰਜਾਬ ਸਰਕਾਰ ਵਲੋਂ ਸੂਬੇ ਦੀ ਜਨਤਾ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ‘ਆਪ ਸਰਕਾਰ-ਤੁਹਾਡੇ ਦੁਆਰ’ ਸਕੀਮ ਤਹਿਤ ਪਿੰਡਾਂ ਵਿੱਚ ਲਗਾਏ ਜਾ ਰਹੇ ਸੁਵਿਧਾ ਕੈਂਪ ਪੂਰੀ ਤਰਾਂ ਫਲਾਪ ਸਿੱਧ ਹੋ ਰਹੇ ਹਨ, ਕਿਉਂਕਿ ਇੰਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਸਹੂਲਤ ਘੱਟ ਅਤੇ ਖੱਜਲ ਖੁਆਰੀ ਦਾ ਵੱਧ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੁੱਲ ਹਿੰਦ ਸੋਨੀਆ ਬਿ੍ਰਗੇਡ ਦੇ ਕੌਮੀ ਜਨ. ਸਕੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਤਲਵੰਡੀ ਵਲੋਂ ਕੀਤਾ ਗਿਆ। ਸ. ਤਲਵੰਡੀ ਨੇ ਕਿਹਾ ਕਿ ਆਪ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਕੀਮ ‘ਆਪ ਸਰਕਾਰ-ਤੁਹਾਡੇ ਦੁਆਰ’ ਤਹਿਤ ਸੂਬੇ ਦੀ ਜਨਤਾ ਨੂੰ ਪ੍ਰਸ਼ਾਸਨਿਕ ਸੇਵਾਵਾਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਵੱਡ ਵੱਡੇ ਦਾਅਵੇ ਕਰ ਰਹੀ ਹੈ, ਜਦਕਿ ਇੰਨ੍ਹਾਂ ਦਾਅਵਿਆਂ ਦੀ ਜਮੀਨੀ ਹਕੀਕਤ ਕੁਝ ਹੋਰ ਹੀ ਹੈ, ਉਨ੍ਹਾਂ ਕਿਹਾ ਕਿ ਇੰਨ੍ਹਾਂ ਕੈਂਪਾਂ ਵਿੱਚ ਸਰਕਾਰੀ ਦਫਤਰਾਂ ਦਾ ਪੂਰਾ ਅਮਲਾ ਸੱਦ ਲਿਆ ਜਾਂਦਾ ਹੈ, ਜਿਸ ਕਾਰਨ ਸਰਕਾਰੀ ਦਫਤਰਾਂ ਵਿੱਚ ਰੋਜ਼ਾਨਾ ਹੋਣ ਵਾਲੇ ਕੰਮ ਪੂਰੀ ਤਰਾਂ ਠੱਪ ਹੋ ਜਾਂਦੇ ਹਨ, ਜਦਕਿ ਇੰਨ੍ਹਾਂ ਕੈਂਪਾਂ ਬਾਰੇ ਲੋਕਾਂ ਨੂੰ ਜਾਣਕਾਰੀ ਨਾਂ ਹੋਣ ਕਰਕੇ ਕਾਫੀ ਘੱਟ ਗਿਣਤੀ ਵਿੱਚ ਪਹੁੰਚਦੇ ਹਨ, ਜਿਸ ਕਾਰਨ ਸਰਕਾਰੀ ਦਫਤਰਾਂ ਦੇ ਕੰਮ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ ਅਤੇ ਲੋਕ ਸਰਕਾਰੀ ਦਫਤਰਾਂ ਵਿੱਚ ਖ਼ੱਜਲ ਖ਼ੁਆਰ ਹੋ ਰਹੇ ਹਨ।