ਪਟਿਆਲਾ, 18 ਅਪ੍ਰੈਲ : ਪਟਿਆਲਾ ਜ਼ਿਲ੍ਹੇ ‘ਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ‘ਚ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਸਕੂਲਾਂ ਦੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਆਟੋ ਅਤੇ ਬੱਸਾਂ ਦੀਆਂ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਲੜੀ ਤਹਿਤ ਟੀਮ ਵੱਲੋਂ ਡਕਾਲਾ ਰੋਡ ਅਤੇ ਵਾਈ.ਪੀ.ਐੱਸ ਚੌਂਕ ਦੇ ਨੇੜੇ ਪੈਂਦੇ ਸਕੂਲਾਂ ਵਿੱਚ ਬੱਸਾਂ ਅਤੇ ਆਟੋਜ਼ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸਾਇਨਾ ਕਪੂਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਕੁੱਲ 3 ਬੱਸਾਂ ਅਤੇ ਇੱਕ ਆਟੋ ਦੇ ਚਲਾਨ ਕੀਤੇ ਗਏ ਅਤੇ ਇੱਕ ਆਟੋ ਨੂੰ ਕਾਗ਼ਜ਼ਾਤ ਨਾ ਹੋਣ ਅਤੇ ਓਵਰਲੋਡ ਹੋਣ ਦੀ ਸੂਰਤ ਵਿੱਚ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਪੇ ਵੀ ਬੱਚਿਆਂ ਦੀ ਸੁਰੱਖਿਆ ਲਈ ਕੰਮ ਕਰਦੀ ਟੀਮ ਨਾਲ ਸਹਿਯੋਗ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣ ਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਣਸੁਰੱਖਿਅਤ ਵਾਹਨਾਂ ਵਿੱਚ ਬੱਚਿਆਂ ਨੂੰ ਨਾ ਭੇਜਣ। ਡਾ. ਸਾਇਨਾ ਕਪੂਰ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ਼ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸਖ਼ਤੀ ਅੱਗੇ ਵੀ ਬਰਕਰਾਰ ਰਹੇਗੀ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਟੀਮ ਵੱਲੋਂ ਮਾਪਿਆਂ ਨੂੰ ਸਮਝਾਇਆ ਗਿਆ ਕਿ ਇਹ ਚੈਕਿੰਗ ਉਹਨਾਂ ਦੇ ਬੱਚਿਆਂ ਦੀ ਸੁਰੱਖਿਆ ਲਈ ਜ਼ਰੂਰੀ ਹੈ। ਉਹਨਾਂ ਮਾਤਾ ਪਿਤਾ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਹਨਾਂ ਚੈਕਿੰਗਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਆਪਣੇ ਬੱਚਿਆਂ ਨੂੰ ਕਿਸੇ ਤਰਾਂ ਦੇ ਅਣ-ਸੁਰੱਖਿਅਤ ਵਾਹਨਾਂ ਵਿੱਚ ਸਕੂਲ ਨਾ ਭੇਜਣ। ਇਸ ਮੌਕੇ ਇਸ ਟੀਮ ਵਿੱਚ ਬਾਲ ਸੁਰੱਖਿਆ ਦਫ਼ਤਰ ਵੱਲੋਂ ਬਾਲ ਸੁਰੱਖਿਆ ਅਫ਼ਸਰ (ਆਈ.ਸੀ) – ਰੂਪਵੰਤ ਕੌਰ, ਆਊਟ-ਰੀਚ ਵਰਕਰ – ਸ਼ਾਲਿਨੀ, ਐਜੂਕੇਸ਼ਨ ਤੋਂ ਇੰਦਰਪ੍ਰੀਤ ਸਿੰਘ, ਸਬ-ਇੰਸਪੈਕਟਰ ਮਹਿਤਾਬ ਸਿੰਘ, ਏ.ਐਸ.ਆਈ ਨਿਰਪਾਲ ਸਿੰਘ ਪੰਨੂ ਅਤੇ ਲਖਵਿੰਦਰ ਸਿੰਘ ਸ਼ਾਮਲ ਸਨ।