- ਕਮਿਸ਼ਨਰ ਖੇਤੀਬਾੜੀ ਸ੍ਰੀਮਤੀ ਨੀਲਿਮਾ ਨੇ ਪਿੰਡ ਗਡਹੇੜਾ, ਰਸੂਲਪੁਰ ਅਤੇ ਬਲਾੜ੍ਹੀ ਕਲਾਂ ਦਾ ਕੀਤਾ ਦੌਰਾ
ਫਤਹਿਗੜ੍ਹ ਸਾਹਿਬ, 06 ਮਾਰਚ : ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਜਿਹੜੇ ਕਿਸਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹਨ ਉਹ ਇਸ ਸਕੀਮ ਦਾ ਲਾਭ ਜ਼ਰੂਰ ਉਠਾਉਣ ਇਹ ਅਪੀਲ ਕਮਿਸ਼ਨਰ ਖੇਤੀਬਾੜੀ ਸ੍ਰੀਮਤੀ ਨੀਲਿਮਾ ਨੇ ਪਿੰਡ ਗਡਹੇੜਾ, ਰਸੂਲਪੁਰ ਅਤੇ ਬਲਾੜ੍ਹੀ ਕਲਾਂ ਦਾ ਦੌਰਾ ਕਰਨ ਮੌਕੇ ਕੀਤੀ। ਉਹਨਾਂ ਦੱਸਿਆ ਕਿ ਹਰ ਕਿਸਾਨ ਤੱਕ ਇਸ ਸਕੀਮ ਦਾ ਲਾਭ ਪਹੁੰਚਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੁਲਾਜਮਾਂ ਵੱਲੋਂ ਪਿੰਡ ਪਿੰਡ ਜਾ ਕੇ ਕਿਸਾਨਾਂ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ। ਇਸ ਕੰਮ ਲਈ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਇਲਾਵਾ ਪਟਿਆਲਾ, ਮੋਹਾਲੀ ਅਤੇ ਰੋਪੜ ਜਿਲ੍ਹੇ ਦੇ ਸਟਾਫ ਦੀ ਵੀ ਡਿਊਟੀ ਲਗਾਈ ਗਈ ਹੈ ਅਤੇ ਇਹ ਕੰਮ 6 ਮਾਰਚ 2024 ਤੱਕ ਪੂਰਾ ਕਰਨ ਦਾ ਟੀਚਾ ਮਿੱਥੀਆ ਗਿਆ ਹੈ। ਉਹਨਾਂ ਵੱਲੋਂ ਕਿਸਨਾਂ ਨੂੰ ਇਹਨਾਂ ਕੈਂਪਾਂ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਤਾਂ ਕਿ ਉਹਨਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ। ਇਸ ਮੌਕੇ ਡਾ ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਦੱਸਿਆ ਕਿ ਸਟਾਫ ਵੱਲੋਂ ਕਿਸਾਨਾਂ ਦੇ ਫਾਰਮ ਭਰੇ ਜਾ ਰਹੇ ਹਨ ਤਾਂ ਕਿ ਯੋਗ ਲਾਭਪਾਤਰੀਆਂ ਨੂੰ ਇਸ ਸਕੀਮ ਦਾ ਲਾਭ ਦਵਾਇਆ ਜਾ ਸਕੇ। ਇਸ ਸਕੀਮ ਦਾ ਲਾਭ ਲੈਣ ਲਈ ਆਨ ਲਾਈਨ ਅਰਜੀ ਭਰਨ ਉਪਰੰਤ ਆਪਣੇ ਦਸਤਾਵੇਜ਼ ਨੇੜਲੇ ਬਲਾਕ ਖੇਤੀਬਾੜੀ ਦਫਤਰ ਵਿਖੇ ਜਮ੍ਹਾਂ ਕਰਵਾਏ ਜਾਣ। ਦਸਤਾਵੇਜਾਂ ਦੀ ਪੜਤਾਲ ਕਰਨ ਉਪੰਰਤ ਵਿਭਾਗ ਵੱਲੋਂ ਕਿਸਾਨ ਦਾ ਕੇਸ ਆਨ ਲਾਈਨ ਅਪਰੁਵ ਕਰਨ ਉਪਰੰਤ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ ਹੱਕਦਾਰ ਬਣ ਜਾਂਦਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਰ ਬਲਾਕ ਦਫਤਰ ਵਿੱਚ ਇਹ ਸੁਵਿਧਾ ਉਪਲੱਬਧ ਹੈ। ਇਸ ਮੌਕੇ ਸ੍ਰੀ ਸੰਦੀਪ ਕੁਮਾਰ ਮੁੱਖ ਖੇਤੀਬਾੜੀ ਅਫਸਰ ਫਤਿਹਗੜ੍ਹ ਸਾਹਿਬ, ਸ੍ਰੀ ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਮੁਹਾਲੀ, ਸ੍ਰੀ ਜਸਵਿੰਦਰ ਸਿੰਘ ਖੇਤੀਬਾੜੀ ਅਫਸਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।