ਚੌਕੀਮਾਨ ਰੈਲੀ ਵਿਚੋਂ ਗੂੰਜਿਆ , ਪਹਿਲਵਾਨ ਧੀਆਂ ਦੇ ਦਿੱਲੀ ਮੋਰਚੇ ਦੀ ਨਿਗਰ ਹਮਾਇਤ ਦਾ ਐਲਾਨ 

ਮੁੱਲਾਂਪੁਰ ਦਾਖਾ 17 ਮਈ (ਸਤਵਿੰਦਰ ਸਿੰਘ ਗਿੱਲ) : ਸੰਯੁਕਤ ਕਿਸਾਨ ਮੋਰਚਾ ਭਾਰਤ ਦੇ 11 ਤੋਂ 18 ਮਈ ਵਾਲੇ ਸੰਗਰਾਮੀ ਸੱਦੇ ਦੀ ਰੌਸ਼ਨੀ ਵਿੱਚ, ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.) ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਪਹਿਲ - ਕਦਮੀ ਨਾਲ ਚੌਕੀਮਾਨ ਟੋਲ ਪਲਾਜ਼ਾ ਵਿਖੇ ਪਹਿਲਵਾਨ ਧੀਆਂ ਦੇ ਦਿੱਲੀ ਮੋਰਚੇ ਦੇ ਪੱਖ ਵਿਚ ਅਤੇ ਜਿਨਸੀ - ਸ਼ੋਸ਼ਣ ਦੇ ਦਰਿੰਦੇ ਦੋਸ਼ੀ - ਬ੍ਰਿਜ ਭੂਸ਼ਣ ਸ਼ਰਨ ਸਿੰਘ  (ਪ੍ਰਧਾਨ ਭਾਰਤੀ ਕੁਸ਼ਤੀ ਫੈਡਰੇਸ਼ਨ) ਦੀ ਫੌਰੀ ਗ੍ਰਿਫਤਾਰੀ ਲਈ ਵਿਸ਼ਾਲ ਤੇ ਰੋਹ ਭਰਪੂਰ ਕਿਸਾਨ - ਮਜ਼ਦੂਰ ਰੈਲੀ ਜੱਥੇਬੰਦ ਕੀਤੀ ਗਈ, ਅੱਜ ਦੀ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ - ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਜਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ , ਡਾ.ਗੁਰਮੇਲ ਸਿੰਘ ਕੁਲਾਰ, ਮੀਤ ਪ੍ਰਧਾਨ ਨੰਬਰਦਾਰ ਬਲਜੀਤ ਸਿੰਘ ਸਵੱਦੀ, ਜੱਥੇਦਾਰ ਗੁਰਮੇਲ ਸਿੰਘ ਢੱਟ ਨੇ ਸੰਬੋਧਨ ਕਰਦਿਆਂ ਵਿਸਥਾਰ ਪੂਰਵਕ ਵਰਨਣ ਕੀਤਾ ਕਿ ਇਕ ਨਾਬਾਲਗ ਪਹਿਲਵਾਨ ਸਮੇਤ 7 ਮਹਿਲਾ ਪਹਿਲਵਾਨਾਂ ਨਾਲ ਜਿਨਸੀ - ਸ਼ੋਸ਼ਣ ਦੇ ਕਾਲੇ ਕਾਰਨਾਮੇ ਕਰਨ ਵਾਲੇ ਖਲਨਾਇਕ ਮੁਜਰਿਮ ਨੂੰ ਪੰਜਾਬ ਸਮੇਤ ਮੁਲਕ ਦੇ ਅਣਖੀਲੇ ਕਿਸਾਨ , ਮਜ਼ਦੂਰ ਤੇ ਨੌਜਵਾਨ ਕਿਸੇ ਵੀ ਕੀਮਤ 'ਤੇ ਮੁਆਫ ਨਹੀਂ ਕਰਨਗੇ। ਸਗੋ ਹਰ ਹਾਲਤ ਮੁੱਖ ਦੋਸ਼ੀ ਦੀ ਗ੍ਰਿਫ਼ਤਾਰੀ ਤੇ ਸਖ਼ਤ ਤੋਂ ਸਖ਼ਤ ਸਜਾ ਕਰਾ ਕੇ ਹੀ ਦਮ ਲੈਣਗੇ, ਆਗੂਆਂ ਨੇ ਕੇਂਦਰ ਦੀ ਮੋਦੀ ਹਕੂਮਤ ਦੀ ਦਿੱਲੀ ਦੀ ਮਰਦਾਨਾ ਪੁਲਿਸ ਵੱਲੋ ਪਹਿਲਵਾਨ ਧੀਆਂ 'ਤੇ ਜਬਰ - ਤਸੱਦਦ ਕਰਨ ਅਤੇ ਮੋਰਚੇ ਨੂੰ ਬਦਨਾਮ ਕਰਨ ਲਈ ਗੈਰ - ਔਰਤਾਂ ਨੂੰ ਮੋਰਚੇ ਦੇ ਟੈਂਟਾਂ ਵਿਚ ਚੋਰੀ - ਛਿਪੇ ਭੇਜਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸਾਰੀਆਂ ਸ਼ਾਤਰਾਨਾ ਚਾਲਾਂ ਬੰਦ ਕਰਨ ਅਤੇ ਦੋਸ਼ੀ ਪ੍ਰਧਾਨ ਨੂੰ ਫੌਰੀ ਫੜਨ ਦੀ ਪੁਰਜ਼ੋਰ ਮੰਗ ਕੀਤੀ ਗਈ। ਕਵੀਸ਼ਰੀ ਜੱਥਾ ਰਸੂਲਪੁਰ ਨੇ ਕਮਾਲ ਦਾ ਇਨਕਲਾਬੀ ਰੰਗ ਬੰਨਿਆ l ਅੰਤ 'ਚ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਨੇ ਸੰਗਰਾਮੀਆਂ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਈਆਂ ਡਿਊਟੀਆਂ ਮੁਤਾਬਕ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਦਿੱਲੀ ਘੋਲ ਦੀ ਅੰਤਮ ਜਿੱਤ ਤੱਕ ਵਾਰੀ ਵਾਰੀ ਜੁਝਾਰੂ ਜੱਥੇ ਭੇਜਣੇ ਜਾਰੀ ਰੱਖੇਗੀ। ਨਾਲ ਹੀ ਸਮੂਹ ਹਾਜ਼ਰੀਨ ਘੁਲਾਟੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਅੱਜ ਦੀ ਰੈਲੀ 'ਚ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ,ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਬਹਾਦਰ ਸਿੰਘ ਕੁਲਾਰ, ਸਾਬਕਾ ਥਾਣੇਦਾਰ ਬਲਵੰਤ ਸਿੰਘ ਢੱਟ, ਪ੍ਰਿਤਪਾਲ ਸਿੰਘ ਪੰਡੋਰੀ, ਵਿਜੈ ਕੁਮਾਰ ਪੰਡੋਰੀ, ਅਮਰਜੀਤ ਸਿੰਘ ਖੰਜਰਵਾਲ, ਮੇਵਾ ਸਿੰਘ ਖੰਜਰਵਾਲ, ਗੁਰਸੇਵਕ  ਸਿੰਘ ਸੋਨੀ ਸਵੱਦੀ, ਸੁਰਜੀਤ ਸਿੰਘ ਸਵੱਦੀ, ਰਛਪਾਲ ਸਿੰਘ, ਸੋਹਣ ਸਿੰਘ ਨੰਬਰਦਾਰ, ਕੁਲਦੀਪ ਸਿੰਘ ਸਵੱਦੀ, ਸੁਖਦੇਵ ਸਿੰਘ ਗੁੜੇ , ਗੁਰਬਖਸ਼ ਸਿੰਘ ਤਲਵੰਡੀ, ਮਲਕੀਤ ਸਿੰਘ , ਹਰਦੇਵ ਸਿੰਘ ਵਿਸੇਸ਼ ਤੌਰ ਤੇ ਹਾਜ਼ਰ ਹੋਏ।