ਸੰਗਰੂਰ, 2 ਫਰਵਰੀ : ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਵਿਧਾਨ ਸਭਾ ਹਲਕਾ ਧੂਰੀ ਅਤੇ ਦਿੜ੍ਹਬਾ ਅਧੀਨ ਆਉਂਦੇ ਯੂਥ ਕਲੱਬਾਂ ਨਾਲ ਜੁੜੇ ਨੌਜਵਾਨਾਂ ਨੂੰ ਖੇਡਾਂ ਨਾਲ ਸਬੰਧਤ ਸਮਾਨ ਦੀ ਖਰੀਦ ਲਈ ਵਿੱਤੀ ਸਹਾਇਤਾ ਦੇ ਚੈਕ ਵੰਡੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਅਸੀਂ ਯੂਥ ਕਲੱਬਾਂ ਦੀ ਮਜ਼ਬੂਤੀ ਲਈ ਉੱਦਮ ਕਰ ਰਹੇ ਹਾਂ ਅਤੇ ਇਸੇ ਤਹਿਤ 12 ਪਿੰਡਾਂ ਵਿੱਚ ਕਾਰਜਸ਼ੀਲ ਯੂਥ ਕਲੱਬਾਂ ਨੂੰ ਖੇਡ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਵਿੱਤੀ ਮਦਦ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਓ.ਐਸ.ਡੀ ਟੂ ਵਿੱਤ ਮੰਤਰੀ ਪੰਜਾਬ ਤਪਿੰਦਰ ਸਿੰਘ ਸੋਹੀ ਅਤੇ ਸਹਾਇਕ ਡਾਇਰੈਕਟਰ ਅਰੁਣ ਕੁਮਾਰ ਵੱਲੋਂ ਯੁਵਕ ਸੇਵਾਵਾਂ ਵਿਭਾਗ ਨਾਲ ਐਫੀਲੀਏਟਿਡ ਕਲੱਬ, ਜਿਨ੍ਹਾਂ ਵਿਚ ਹਲਕਾ ਧੂਰੀ ਅਤੇ ਦਿੜ੍ਹਬਾ ਦੇ ਪਿੰਡ ਭਸੌੜ, ਸ਼ੇਰਪੁਰ ਸੋਢੀਆਂ, ਉਭਿਆ, ਬੇਨੜਾ, ਭਲਵਾਨ, ਖੇਤਲਾ , ਕਾਤਰੋਂ, ਸ਼ਾਦੀਹਰੀ, ਭੁਲਰਹੇੜੀ ਅਤੇ ਸਮੂਰਾ ਸ਼ਾਮਲ ਹਨ, ਨੂੰ ਪਹਿਲੇ ਪੜਾਅ ਤਹਿਤ 4 ਲੱਖ ਰੁਪਏ ਦੀ ਰਾਸ਼ੀ ਦੇ ਚੈਕ ਸੌਂਪੇ ਗਏ ਹਨ ਤਾਂ ਜੋ ਉਹ ਆਪਣੀ ਜ਼ਰੂਰਤ ਅਨੁਸਾਰ ਖੇਡਾਂ ਦੇ ਸਮਾਨ ਦੀ ਖਰੀਦ ਕਰ ਸਕਣ।