- ਮਾਨਸਾ ਦੇ ਐਸਐਸਪੀ ਨੇ ਪੜਤਾਲ ਦੌਰਾਨ ਥਾਣਾ ਬੋਹਾ ਦੇ ਐਸਐਚਓ ਨੂੰ ਕੀਤਾ ਮੁਅੱਤਲ
ਮਾਨਸਾ, 4 ਫਰਵਰੀ : ਅੱਧੀ ਰਾਤ ਨੂੰ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਦੀ ਗਾਦੜਪੱਤੀ ਦੇ ਸ਼੍ਰੀ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਕੇ ਗੁਰੂ ਘਰ ਦੇ ਸੇਵਾਦਾਰ ਦੀ ਕੁੱਟਮਾਰ ਕਰਨ ਅਤੇ ਗਾਲੀ-ਗਲੋਚ ਕਰਦਿਆਂ ਬੇਅਦਬੀ ਕਰਨ ਵਾਲੇ ਐਸ.ਐਚ.ਓ. ਬੋਹਾ ਇੰਸਪੈਕਟਰ ਜਗਦੇਵ ਸਿੰਘ ਨੂੰ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਾਨਕ ਸਿੰਘ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਅਤੇ ਲੋਕਾਂ ਵੱਲੋਂ ਇਸ ਮਾਮਲੇ ਨੂੰ ਲੈਕੇ ਥਾਣਾ ਬੋਹਾ ਅੱਗੇ ਧਰਨਾ ਲਾਇਆ ਗਿਆ। ਇਸ ਧਰਨੇ ਵਿੱਚ ਡੀ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਮੌਕੇ ’ਤੇ ਪਹੁੰਚਕੇ ਘਟਨਾ ਦਾ ਜਾਇਜ਼ਾ ਲੈਂਦਿਆਂ ਲੋਕਾਂ ਨੂੰ ਸ਼ਾਂਤ ਕਰਦਿਆਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸ਼ਿਕਾਇਤ ਮੁਤਾਬਿਕ ਗੁਰੂ ਘਰ ਅੰਦਰ ਦਾਖ਼ਲ ਹੋਣ ਵਾਲੇ ਐਸ.ਐਚ.ਓ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ,ਪੜਤਾਲ ਜਾਰੀ ਹੈ।ਇਸ ਪੜਤਾਲ ਤੋਂ ਬਾਅਦ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਾਨਕ ਸਿੰਘ ਨੇ ਬੋਹਾ ਦੇ ਐਸ.ਐਚ.ਓ. ਇੰਸਪੈਕਟਰ ਜਗਦੇਵ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਧਰਨੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੂਰਾ ਸਿੰਘ,ਗੁਰਤੇਜ ਸਿੰਘ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਬਿਨ੍ਹਾਂ ਕਾਰਨ ਦੱਸੇ ਐਸ.ਐਚ.ਓ. ਅਤੇ ਉਸਦੇ ਸਾਥੀ ਗੁਰੂ ਘਰ ਦੀ ਕੰਧ ਲੰਘਕੇ ਦਾਖ਼ਲ ਹੋਏ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਸੇਵਾਦਾਰ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਕੁੱਟਮਾਰ ਦਾ ਕਾਰਨ ਪੁੱਛਿਆ ਗਿਆ ਤਾਂ ਥਾਣਾ ਮੁਖੀ ਨੇ ਕਿਹਾ ਕਿ ਉਹ ਗੁਰੂ ਘਰ ਖਾਲੀ ਕਰ ਦੇਣ,ਜਿਸ ਦੇ ਰੋਸ ਵਜੋਂ ਅੱਜ ਲੋਕਾਂ ਵੱਲੋਂ ਧਰਨਾ ਦੇਕੇ ਐਸ.ਐਚ.ਓ. ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਅਵਤਾਰ ਸਿੰਘ,ਜੋਗਿੰਦਰ ਸਿੰਘ,ਰਾਮਜਸ ਸਿੰਘ,ਲਵਪ੍ਰੀਤ ਸਿੰਘ,ਸੁਖਦੀਪ ਸਿੰਘ,ਬਲਵਿੰਦਰ ਸਿੰਘ, ਬਲਕਾਰ ਸਿੰਘ,ਦੇਸਪਾਲ ਸਿੰਘ,ਮੱਖਣ ਸਿੰਘ,ਬੱਗਾ ਸਿੰਘ,ਕਮਲਜੀਤ ਸਿੰਘ,ਸਿਕੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਮਹਿਲਾਵਾਂ ਵੀ ਹਾਜ਼ਰ ਸਨ। ਇਸੇ ਦੌਰਾਨ ਸ਼ੋਸਲ ਮੀਡੀਆ ’ਤੇ ਪਾਈ ਪੋਸਟ ਦੌਰਾਨ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਨੇ ਗੁਰੂ ਘਰ ਦੇ ਸੇਵਾਦਾਰ ਨਾਲ ਗਾਲੀ-ਗਲੋਚ ਕਰਨ ਅਤੇ ਉਸਦੀ ਕੁੱਟਮਾਰ ਕਰਨ ਨੂੰ ਲੈਕੇ ਉਸ ਖਿਲਾਫ਼ 295ਏ ਧਾਰਾ ਅਧੀਨ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਅਜਿਹੀ ਹਰਕਤ ਕਰਨ ਵਾਲੇ ਖਿਲਾਫ਼ ਸਖ਼ਤ ਕਾਰਵਾਈ ਲਈ ਸੰਘਰਸ਼ ਵਿੱਢਿਆ ਜਾਵੇ।