ਰਾਏਕੋਟ, 20 ਮਈ (ਚਮਕੌਰ ਸਿੰਘ ਦਿਓਲ) : ਬੀਤੀ ਦੇਰ ਰਾਤ ਸ਼ਹਿਰ ’ਚੋਂ ਲੰਘਦੇ ਲੁਧਿਆਣਾ ਬਠਿੰਡਾ ਰਾਜਮਾਰਗ ’ਤੇ ਪਿੰਡ ਗੋਂਦਵਾਲ ਨੇੜੇ ਅਚਾਨਕ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ, ਪ੍ਰੰਤੂ ਚੰਗੀ ਕਿਸਮਤ ਨਾਲ ਇਸ ਕਾਰ ਵਿੱਚ ਸਫ਼ਰ ਕਰ ਰਿਹਾ ਪਰਿਵਾਰ ਬਾਲ-ਬਾਲ ਬੱਚ ਗਿਆ। ਘਟਨਾਂ ਦੀ ਮਿਲੀ ਜਾਣਕਾਰੀ ਮੁਤਾਬਕ ਘਟਨਾਂ ਬੀਤੀ ਅੱਧੀ ਰਾਤ ਦੀ ਹੈ, ਜਦ ਲੁਧਿਆਣਾ ਵਾਸੀ ਪੁਸ਼ਪਿੰਦਰ ਸਿੰਘ ਆਪਣੇ ਪਰਿਵਾਰ ਨਾਲ ਰਾਮਪੁਰਾ ਫੂਲ ਤੋਂ ਵਾਪਸ ਲੁਧਿਆਣੇ ਵੱਲ ਨੂੰ ਜਾ ਰਿਹਾ ਸੀ ਅਤੇ ਉਸ ਦਾ ਬੇਟਾ ਆਪਣੀ ਐਕਸ.ਯੂ.ਵੀ-100 ਕਾਰ ਚਲਾ ਰਿਹਾ ਸੀ, ਕਿ ਅਚਾਨਕ ਰਾਏਕੋਟ ਦੇ ਨੇੜਲੇ ਪਿੰਡ ਗੋਂਦਵਾਲ ਦੇ ਕਰੀਬ ਉਨ੍ਹਾਂ ਦੀ ਕਾਰ ਦੇ ਹੇਠੋਂ ਕੁਝ ਆਵਾਜ਼ ਸੁਣਾਈ ਦਿੱਤੀ, ਜਿਸ ’ਤੇ ਕਾਰ ਚਾਲਕ ਪੁਸ਼ਪਿੰਦਰ ਸਿੰਘ ਦੇ ਬੇਟੇ ਨੇ ਰੋਕ ਕੇ ਕਾਰ ਦਾ ਮੁਆਇਨਾ ਕੀਤਾ ਤਾਂ ਕਾਰ ਦੇ ਹੇਠਾਂ ਉਸ ਨੂੰ ਕੁਝ ਅੱਗ ਦੀਆਂ ਚਿੰਗਾਰੀਆਂ ਦਿਖਾਈ ਦਿੱਤੀਆਂ, ਪ੍ਰੰਤੂ ਇਹ ਚਿੰਗਾਰੀਆਂ ਇੱਕ ਦਮ ਭਿਆਨਕ ਅੱਗ ਦਾ ਰੂਪ ਧਾਰਨ ਕਰ ਗਈਆਂ ਅਤੇ ਕਾਰ ’ਚ ਬੈਠੇ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਬੜੀ ਮੁਸ਼ਕਿਲ ਨਾਲ ਕਾਰ ’ਚੋਂ ਉੱਤਰ ਕੇ ਆਪਣੀ ਜਾਨ ਬਚਾਈ। ਘਟਨਾਂ ਦੀ ਸੂਚਨਾਂ ਮਿਲਦੇ ਹੀ ਰਾਏਕੋਟ ਸਿਟੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਫਾਇਰ ਬਿ੍ਰਗੇਡ ਨੂੰ ਸੂਚਿਤ ਕੀਤਾ, ਜੋ ਕਿ ਮੁੱਲਾਂਪੁਰ ਤੋਂ ਅੱਧੇ ਘੰਟੇ ਬਾਅਦ ਮੌਕੇ ’ਤੇ ਪੁੱਜ ਗਈ ਅਤੇ ਕਾਰ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ, ਪ੍ਰੰਤੂ ਅੱਗ ਇੰਨ੍ਹੀ ਭਿਆਨਕ ਸੀ ਕਿ ਅੱਗ ਬਝਾਉਣ ਤੋਂ ਪਹਿਲਾਂ ਹੀ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ