ਪਟਿਆਲਾ, 14 ਅਪ੍ਰੈਲ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਐਮ.ਪੀ. ਲੈਡ ਫੰਡਾਂ 'ਚੋਂ ਕੇਂਦਰੀ ਜੇਲ੍ਹ ਪਟਿਆਲਾ ਨੂੰ ਦਿੱਤੀ ਗਈ ਇੱਕ ਐਂਬੂਲੈਂਸ ਅੱਜ ਜੇਲ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੇ ਸਪੁਰਦ ਕੀਤੀ। ਇੱਥੇ ਸਰਕਟ ਹਾਊਸ ਵਿਖੇ ਕੇਂਦਰੀ ਜੇਲ੍ਹ ਦੇ ਬੰਦੀਆਂ ਲਈ ਇਹ ਐਂਬੂਲੈਂਸ ਸੌਂਪਦਿਆਂ ਡਾ. ਬਲਬੀਰ ਸਿੰਘ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਜੇਲ੍ਹਾਂ 'ਚ ਬੰਦ ਕੈਦੀ ਤੇ ਹਵਾਲਾਤੀ ਸਾਡੇ ਸਮਾਜ ਦਾ ਹੀ ਇੱਕ ਅੰਗ ਹਨ ਪਰੰਤੂ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਜੇਲ੍ਹਾਂ 'ਚ ਬੰਦ ਹਨ ਪਰੰਤੂ ਉਨ੍ਹਾਂ ਦੀ ਭਲਾਈ ਲਈ ਵੀ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਐਂਬੂਲੈਂਸ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਬੰਦੀਆਂ ਲਈ ਭੇਜੀ ਗਈ ਹੈ ਤਾਂ ਕਿ ਕਿਸੇ ਹੰਗਾਮੀ ਸਥਿਤੀ 'ਚ ਬੰਦੀਆਂ ਨੂੰ ਵੱਡੇ ਹਸਪਤਾਲ 'ਚ ਇਲਾਜ ਲਈ ਲਿਜਾਇਆ ਜਾ ਸਕੇ। ਇਸ ਮੌਕੇ ਕਰਨਲ ਜੇ.ਵੀ. ਸਿੰਘ, ਆਪ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਵਰੁਣ ਸ਼ਰਮਾ, ਉਪ ਅਰਥ ਅੰਕੜਾ ਸਲਾਹਕਾਰ ਪ੍ਰੇਮ ਕੁਮਾਰ, ਬਿਕਰਮ ਸਿੰਘ, ਸਿਵਲ ਸਰਜਨ ਡਾ. ਰਮਿੰਦਰ ਕੌਰ, ਸੁਮਿਤ ਸਿੰਘ, ਡਾ. ਸੰਜੇ ਕੁਮਾਰ ਤੇ ਹੋਰ ਵੀ ਮੌਜੂਦ ਸਨ।