ਕੀਰਤਪੁਰ ਸਾਹਿਬ, 23 ਮਈ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਲੀਕੇ ਪ੍ਰੋਗਰਾਮ ਸਰਕਾਰ ਤੁਹਾਡੇ ਦੁਆਰ ਤਹਿਤ ਅੱਜ ਹਰਜੋਤ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਕਸਬਾ ਭਰਤਗੜ੍ਹ ਵਿੱਚ ਆਮ ਲੋਕਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾ ਸੁਣੀਆਂ ਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਿਲਾ/ਸਮੱਸਿਆਵਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਭਰਤਗੜ੍ਹ ਵਿੱਚ ਆਮ ਲੋਕਾਂ ਦੇ ਮਸਲੇ ਵਿਚਾਰਨ ਤੇ ਉਨ੍ਹਾਂ ਦਾ ਢੁਕਵਾ ਤੇ ਸਮਾਬੱਧ ਹੱਲ ਕਰਨ ਲਈ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਿਲਾ ਹੱਲ ਕਰਨ ਲਈ ਉਨ੍ਹਾਂ ਦੇ ਘਰਾਂ ਨੇੜੇ ਪਹੁੰਚ ਕੀਤੀ ਗਈ ਹੈ। ਸਾਡੀ ਸਰਕਾਰ ਨੇ “ਸਰਕਾਰ ਤੁਹਾਡੇ ਦੁਆਰ” ਪ੍ਰੋਗਰਾਮ ਉਲੀਕਿਆ ਹੈ, ਜਿਸ ਦਾ ਮਨੌਰਥ ਦੂਰ ਦੂਰਾਂਡੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨਾ ਅਤੇ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਤੌਰ ਤੇ ਉਪ ਮੰਡਲ ਤੇ ਜਿਲ੍ਹਾ ਦਫਤਰ ਦੂਰ ਹੋਣ ਕਾਰਨ ਬਹੁਤ ਸਾਰੇ ਲੋਕ ਆਉਣ ਜਾਣ ਦੀ ਖੱਜਲ ਖੁਆਰੀ, ਸਮੇਂ ਦੀ ਘਾਟ ਕਾਰਨ ਆਪਣੀਆਂ ਮੁਸ਼ਕਿਲਾਂ ਹੱਲ ਕਰਵਾਉਣ ਤੋਂ ਵਾਝੇ ਰਹਿ ਜਾਂਦੇ ਹਨ, ਪ੍ਰੰਤੂ ਹੁਣ ਸਰਕਾਰ ਨੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਸੁਰੂ ਕਰਕੇ ਬੇਲੋੜੀ ਖੱਜਲ ਖੁਆਰੀ ਖਤਮ ਕਰਨ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾ ਵੀ ਅਸੀ ਸਾਝੀ ਸੱਥ ਵਿਚ ਬੈਠ ਕੇ ਮਸਲੇ ਹੱਲ ਕਰ ਰਹੇ ਹਾਂ, ਇਸੇ ਦਿਸ਼ਾ ਵਿੱਚ ਹੁਣ ਹੋਰ ਸਾਰਥਕ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਹਰ ਵੀਰਵਾਰ ਜਿਲ੍ਹੇ ਦੇ ਕਿਸੇ ਨਾ ਕਿਸੇ ਪਿੰਡ ਵਿੱਚ ਜਾ ਕੇ ਜਨਤਾ ਦੀਆਂ ਮੁਸ਼ਕਿਲਾ ਹੱਲ ਕਰਨ ਲਈ ਕੈਂਪ ਲਗਾਏ ਜਾਂਦੇ ਹਨ, ਜਿੱਥੇ ਡਿਪਟੀ ਕਮਿਸ਼ਨਰ ਤੇ ਜਿਲ੍ਹੇ ਦੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ, ਸਬੰਧਿਤ ਉਪ ਮੰਡਲ ਦੇ ਅਧਿਕਾਰੀ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਦੇ ਹਨ। ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਇਨ੍ਹਾਂ ਕੈਂਪਾਂ ਵਿੱਚ ਵੱਖ ਵੱਖ ਵਿਭਾਗਾਂ ਵੱਲੋ ਸਟਾਲ ਲਗਾ ਕੇ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਸਰਕਾਰੀ ਸਿਹਤ ਕੇਂਦਰ ਭਰਤਗੜ੍ਹ ਵਿਚ ਸਟਾਫ ਦੀ ਕਮੀ ਨੂੰ ਦੂਰ ਕਰਨ, ਸੜਕਾਂ, ਗਲੀਆਂ, ਨਾਲੀਆਂ ਦੀ ਉਸਾਰੀ, ਪਿੰਡਾਂ ਦੇ ਸਾਝੇ ਮਾਮਲੇ ਤੇ ਹੋਰ ਜਨਤਕ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ। ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਮ ਲੋਕਾਂ ਦੇ ਬਹੁਤ ਸਾਰੇ ਮਾਮਲੇ ਜੋ ਸਾਝੇ ਤੌਰ ਤੇ ਬੈਠ ਕੇ ਹੱਲ ਹੋ ਸਕਦੇ ਹਨ, ਉਨ੍ਹਾਂ ਨੂੰ ਨਿਪਟਾਉਣ ਲਈ ਸਾਰਥਕ ਭੂਮਿਕਾ ਨਿਭਾਈ ਜਾਵੇ। ਸ.ਬੈਂਸ ਨੇ ਕਿਹਾ ਕਿ ਸਾਡੀ ਸਰਕਾਰ ਆਪਸੀ ਤਾਲਮੇਲ, ਮਿਲਵਰਤਨ ਤੇ ਲੋਕਾਂ ਵਿੱਚ ਭਾਈਚਾਰਕ ਸਾਝ ਦੀ ਹਮਾਇਤ ਕਰਦੀ ਹੈ ਤੇ ਇਸ ਲਈ ਪ੍ਰਸਾਸ਼ਨ ਦੇ ਅਧਿਕਾਰੀ ਉਸਾਰੂ ਭੂਮਿਕਾ ਨਿਭਾਉਣ। ਇਸ ਮੌਕੇ ਸਰਪੰਚ ਸੁਖਦੀਪ ਸਿੰਘ ਭਰਤਗੜ੍ਹ, ਕੈਪ.ਹਰੀਅਵਤਾਰ ਸਿੰਘ, ਹਰਕਿਰਪਾਲ ਸਿੰਘ, ਜੁਝਾਰ ਸਿੰਘ ਆਸਪੁਰ,ਉਜਾਗਰ ਸਿੰਘ, ਸੁਖਜਿੰਦਰ ਸਿੰਘ ਭਾਓਵਾਲ, ਸਰਪੰਚ ਗੁਰਨਾਮ ਸਿੰਘ ਸੈਣੀ, ਜੋਗਿੰਦਰ ਸਿੰਘ ਭਾਓਵਾਲ, ਜਸਪਾਲ ਸਿੰਘ ਸੋਢੀ, ਰਾਣੀ ਰਣਜੀਤ ਕੌਰ, ਕੁਲਦੀਪ ਸਿੰਘ ਧੀਮਾਨ, ਅੰਜੂ, ਪ੍ਰਕਾਸ਼ ਕੌਰ ਕੀਰਤਪੁਰ ਸਾਹਿਬ, ਮਨਜਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।