- ਲਗਭਗ 3 ਮਹੀਨੇ ਵਿੱਚ ਬਖ਼ਸ਼ੀਵਾਲਾ ਰੋਡ ਉੱਪਰ ਬਣਿਆ ਕੂੜੇ ਦਾ ਡੰਪ 1.32 ਕਰੋੜ ਦੀ ਲਾਗਤ ਨਾਲ ਕਰਵਾਇਆ ਜਾਵੇਗਾ ਮੁਕੰਮਲ ਰੂਪ ਵਿੱਚ ਸਾਫ਼: ਕੈਬਨਿਟ ਮੰਤਰੀ ਅਮਨ ਅਰੋੜਾ
ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ : ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਾਸੀਆਂ ਦੀ ਦਹਾਕਿਆਂ ਪੁਰਾਣੀ ਸਮੱਸਿਆ ਦੇ ਪੱਕੇ ਹੱਲ ਦੀ ਸ਼ੁਰੂਆਤ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕਰਵਾ ਦਿੱਤੀ ਗਈ। ਕੂੜੇ ਦੇ ਡੰਪ ਨੂੰ ਮੁੱਢੋਂ ਖ਼ਤਮ ਕਰਨ ਲਈ 1.32 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੀ ਪ੍ਰਭਾਵੀ ਪ੍ਰਕਿਰਿਆ ਸ਼ੁਰੂ ਕਰਨ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਅੱਜ ਮਸ਼ੀਨਾਂ ਦੀ ਮਦਦ ਨਾਲ ਕੂੜੇ ਵਿੱਚੋਂ ਮਿੱਟੀ ਅਤੇ ਪਾਲੀਥੀਨ ਦੇ ਲਿਫ਼ਾਫੇ ਵੱਖਰੇ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਵੱਖੋ-ਵੱਖਰੇ ਕਰਨ ਤੋਂ ਬਾਅਦ ਮਿੱਟੀ ਨੂੰ ਭਰਤ ਦੇ ਕੰਮ ਅਤੇ ਪਾਲੀਥੀਨ ਨੂੰ ਸੜਕਾਂ ਦੇ ਨਿਰਮਾਣ ਦੇ ਕੰਮ ਲਈ ਵਰਤਿਆ ਜਾਵੇਗਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪਿਛਲੇ 20 ਤੋਂ 30 ਸਾਲਾਂ ਤੋਂ ਸ਼ਹਿਰ ਲਈ ਨਾਸੂਰ ਬਣ ਚੁੱਕੇ ਕੂੜੇ ਦੇ ਡੰਪ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਉਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਕੋਸ਼ਿਸ਼ਾਂ ਜਾਰੀ ਸਨ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਲਗਭਗ 38,500 ਟਨ ਕੂੜਾ ਇਕੱਠਾ ਹੋ ਗਿਆ ਸੀ ਅਤੇ ਹੁਣ ਹਾਲਾਤ ਇਹ ਸਨ ਕਿ ਕੂੜਾ ਸੁੱਟਣ ਵਾਲੀਆਂ ਗੱਡੀਆਂ ਦਾ ਵੀ ਇੱਥੇ ਪਹੁੰਚਣਾ ਮੁਸ਼ਕਿਲ ਹੋ ਗਿਆ ਸੀ। ਇਸੇ ਕਾਰਨ ਹੁਣ ਉਨ੍ਹਾਂ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉੱਪਰ ਛੋਟੇ-ਛੋਟੇ ਡੰਪ ਬਣਾਉਣੇ ਸ਼ੁਰੂ ਕਰ ਲਏ ਗਏ ਸਨ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਬਦਸੂਰਤ ਹੋਣ ਦੇ ਨਾਲ-ਨਾਲ ਲੰਘਣ ਵਾਲਿਆਂ ਲਈ ਦੁਰਗੰਧ ਪੈਦਾ ਕਰਨ ਦੇ ਨਾਲ-ਨਾਲ ਬਿਮਾਰੀਆਂ ਦਾ ਕਾਰਨ ਬਣਨ ਦਾ ਵੀ ਖ਼ਤਰਾ ਬਣਿਆ ਹੋਇਆ ਸੀ। ਮੰਤਰੀ ਨੇ ਕਿਹਾ ਕਿ ਆਉਣ ਵਾਲੇ ਲਗਭਗ ਤਿੰਨ ਮਹੀਨਿਆਂ ਵਿੱਚ ਇਸ ਡੰਪ ਵਾਲੀ ਜਗ੍ਹਾ ਨੂੰ ਬਿਲਕੁਲ ਖਾਲੀ ਕਰਵਾ ਲਿਆ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਇੱਕ ਵੱਡੀ ਸਮੱਸਿਆ ਤੋਂ ਪੱਕੀ ਨਿਜ਼ਾਤ ਦਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਕੂੜਾ ਇਕੱਠਾ ਕਰਨ ਲਈ ਏਸ ਗੱਡੀਆਂ ਅਤੇ ਹੋਰ ਸਾਜੋ ਸਮਾਨ ਵੀ ਨਗਰ ਕੌਂਸਲ ਦੇ ਸਪੁਰਦ ਕੀਤਾ ਗਿਆ ਹੈ ਅਤੇ ਜਲਦ ਹੀ ਕੂੜੇ ਦੇ ਸੁਚੱਜੇ ਪ੍ਰਬੰਧ ਲਈ ਹੋਰ ਲੋੜੀਂਦੀ ਮਸ਼ੀਨਰੀ ਵੀ ਨਗਰ ਕੌਂਸਲ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸੁਨਾਮ ਹਲਕੇ ਦੀ ਹਰ ਸਮੱਸਿਆ ਕਿ ਪੱਕੇ ਹੱਲ ਲਈ ਹਰ ਸਮੇਂ ਯਤਨਸ਼ੀਲ ਹਨ ਅਤੇ ਇੱਕ-ਇੱਕ ਕਰਕੇ ਹਰ ਮੁਸ਼ਕਿਲ ਦਾ ਹੱਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕਿਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ, ਕਾਰਜ ਸਾਧਕ ਅਫ਼ਸਰ ਬਾਲਕ੍ਰਿਸ਼ਨ, ਸੀਨੀਅਰ ਵਾਇਸ ਪ੍ਰਧਾਨ ਆਸ਼ਾ ਬਜਾਜ, ਵਾਇਸ ਪ੍ਰਧਾਨ ਗੁਰਤੇਜ ਨਿੱਕਾ, ਸਾਹਿਬ ਸਿੰਘ, ਸੰਦੀਪ ਜਿੰਦਲ ਬਲਾਕ ਪ੍ਰਧਾਨ, ਐਮਸੀ ਮਨੀਸ ਸੋਨੀ, ਚਮਕੌਰ ਹਾਂਡਾ, ਹਰਪਾਲ ਹਾਂਡਾ, ਬਲਜੀਤ ਸਿੰਘ, ਸੁਨੀਲ ਆਸੂ, ਲਾਲੀ ਐਮਸੀ, ਮਖੱਨ ਹਾਡਾਂ, ਮਨਪ੍ਰੀਤ ਬਾਂਸਲ, ਲਾਭ ਸਿੰਘ ਨਿਲੋਵਾਲ. ਲਾਭ ਸਿੰਘ ਰਬੀ ਵੀ ਹਾਜ਼ਰ ਸਨ।