ਫ਼ਰੀਦਕੋਟ 23 ਨਵੰਬਰ : ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਟੀਮ ਵੱਲੋ ਸਬਡਵੀਜਨ ਕੋਟਕਪੂਰਾ ਅਤੇ ਜੈਤੋ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਟੀਮ ਵੱਲੋ ਸਰਕਾਰੀ ਸਭਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਗੱਠਾਂ ਸਾਂਭਣ ਵਾਲੇ ਡੰਪਾਂ ਆਦਿ ਦਾ ਦੌਰਾ ਕੀਤਾ ਗਿਆ। ਇਸ ਦੋਰਾਨ ਪਿੰਡ ਕੋਟਕਪੂਰਾ ਦਿਹਾਤੀ, ਜੈਤੋ ਦਿਹਾਤੀ, ਕੋਠੇ ਵੜਿੰਗ, ਹਰੀ ਨੌ, ਲੰਭਵਾਲੀ ਆਦਿ ਖੇਤਾਂ ਦਾ ਦੌਰਾ ਕੀਤਾ ਗਿਆ। ਪਿੰਡ ਲੰਭਵਾਲੀ ਵਿਖੇ ਸਰਫੇਸ ਸੀਡਰ ਨਾਲ ਬੀਜ਼ੀ ਕਣਕ ਦਾ ਜਾਇਜਾ ਲਿਆ ਗਿਆ ਅਤੇ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਸਨ, ਉਹਨਾਂ ਨੂੰ ਰੋਕਿਆ ਗਿਆ। ਇਸ ਸਮੇਂ ਡਾ. ਕਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਜਿਆਦਾਤਰ ਕਿਸਾਨ ਪਰਾਲੀ ਦੀਆਂ ਗੱਠਾਂ ਬਣਾਉਣ ਤੋ ਬਾਅਦ ਬਚੀ ਹੋਈ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ ਜੋ ਕਿ ਬਹੁਤ ਮਾੜਾ ਵਰਤਾਰਾ ਹੈ। ਇੱਥੇ ਦੱਸਣਯੋਗ ਹੈ ਕਿ ਉਪਰੋਕਤ ਬਚੀ ਹੋਈ ਪਰਾਲੀ ਨੂੰ ਲੱਗੀ ਅੱਗ ਦੀ ਸੈਟਲਾਈਟ ਰਿਪੋਰਟ ਵੀ ਪ੍ਰਸ਼ਾਸ਼ਨ ਕੋਲ ਪਹੁੰਚ ਜਾਂਦੀ ਹੈ ਜਿਸ ਉਪਰ ਪ੍ਰਸ਼ਾਸ਼ਨ ਵੱਲੋ ਸਖਤ ਐਕਸ਼ਨ ਲਏ ਜਾ ਰਹੇ ਹਨ। ਇਸ ਦੌਰੇ ਦੌਰਾਨ ਸੇਢਾ ਸਿੰਘ ਵਾਲਾ ਪਾਵਰ ਪਲਾਂਟ ਦਾ ਦੌਰਾ ਕੀਤਾ ਗਿਆ ਅਤੇ ਪਰਾਲੀ ਦੀ ਵੱਧ ਤੋ ਵੱਧ ਚੁਕਾਈ ਲਈ ਕਿਹਾ ਗਿਆ। ਇਸ ਟੀਮ ਵਿੱਚ ਡਾ. ਰਾਜਵਿੰਦਰ ਸਿੰਘ ਏ.ਡੀ.ਓ ਅਤੇ ਡਾ. ਖੁਸ਼ਵੰਤ ਸਿੰਘ ਗਿੱਲ ਡੀ.ਪੀ.ਡੀ. ਆਤਮਾ ਵੀ ਸ਼ਾਮਿਲ ਸਨ। ਮੁੱਖ ਖੇਤੀਬਾੜੀ ਅਫਸਰ ਵੱਲੋ ਕਿਸਾਨਾਂ ਨੂੰ ਦੱਸਿਆ ਗਿਆ ਕਿ ਜਿਹੜੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਲੋੜ ਹੋਵੇ ਉਹ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।