- ਕੈਬਨਿਟ ਮੰਤਰੀ ਹਰਜੋਤ ਬੈਂਸ ਨੇ 30 ਲੱਖ ਨਾਲ ਤਿਆਰ ਬੜਾ ਪਿੰਡ ਅੱਪਰ ਜਲ ਸਪਲਾਈ ਯੋਜਨਾ ਦਾ ਕੀਤਾ ਉਦਘਾਟਨ
ਭਰਤਗੜ੍ 23 ਮਈ : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਸਰਕਾਰ ਦੀ ਜਿੰਮੇਵਾਰੀ ਹੈ ਕਿ ਲੋਕਾਂ ਤੱਕ ਬੁਨਿਆਦੀ ਸਹੂਲਤਾਂ ਦਾ ਲਾਭ ਬਿਨਾ ਦੇਰੀ ਪਹੁੰਚਾਇਆ ਜਾਵੇ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਹ ਉਪਰਾਲੇ ਨਿਰੰਤਰ ਜਾਰੀ ਹਨ। ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਪੂਰੀ ਤਰਾਂ ਬਚਨਬੱਧ ਹੈ। ਅੱਜ ਬੜਾ ਪਿੰਡ ਅੱਪਰ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਪੰਪ ਚੈਂਬਰ, ਜਲ ਸਪਲਾਈ ਲਾਈਨ, ਟਿਊਬਵੈਲ ਦਾ ਉਦਘਾਟਨ ਕਰਨ ਉਪਰੰਤ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਨੈਸ਼ਨਲ ਹਾਈਡਲ ਚੈਨਲ ਤੋਂ ਬੜਾ ਪਿੰਡ ਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਪ੍ਰੰਤੂ ਬੜਾ ਪਿੰਡ ਅੱਪਰ ਦੇ ਲੋਕਾਂ ਤੇ ਪੰਚਾਇਤ ਵੱਲੋਂ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਉੱਪਰਲੇ ਘਰਾਂ ਤੱਕ ਪਾਣੀ ਨਹੀ ਪਹੁੰਚ ਰਿਹਾ ਹੈ, ਜਲ ਸਪਲਾਂਈ ਵਰਗੀ ਬੁਨਿਆਦੀ ਸਹੂਲਤ ਦੀ ਘਾਟ ਤੋਂ ਇਹ ਲੋਕ ਬੇਹੱਦ ਪ੍ਰੇਸ਼ਾਨ ਹਨ। ਜਲ ਸਪਲਾਈ ਵਿਭਾਗ ਨੂੰ ਤੁਰੰਤ ਇਥੇ ਟਿਊਬਵੈਲ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਅਤੇ 30 ਲੱਖ ਰੁਪਏ ਦੀ ਲਾਗਤ ਨਾਲ ਪੰਪ ਚੈਂਬਰ, ਡੂੰਗਾ 200 ਮੀਟਰ ਬੋਰ ਟਿਊਬਵੈਲ, ਪਾਈਪ ਲਾਈਨ ਲਗਾਈ ਗਈ ਤੇ ਅੱਜ ਇਸ ਦੀ ਸੁਰੂਆਤ ਕਰ ਦਿੱਤੀ ਹੈ। ਹੁਣ ਇਸ ਇਲਾਕੇ ਦੇ ਸਮੁੱਚੇ ਖੇਤਰ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਲੋੜੀਦੀ ਮਾਤਰਾ ਵਿਚ ਮਿਲੇਗਾ। ਕੈਬਨਿਟ ਮੰਤਰੀ ਨੇ ਭਰਤਗੜ੍ਹ, ਬੜਾ ਪਿੰਡ ਸੜਕ ਦੇ ਮੋੜ ਤੇ ਹੋਣ ਵਾਲੇ ਹਾਦਸਿਆਂ ਨੂੰ ਘੱਟ ਕਰਨ ਲਈ ਪੁਰਾਣੀ ਸੜਕ ਨੂੰ ਮੁੜ ਸੁਰੂ ਕਰਨ ਤੇ ਇਲਾਕੇ ਦੀਆਂ ਹੋਰ ਮੁਸ਼ਕਿਲਾ ਹੱਲ ਕਰਨ ਦਾ ਵੀ ਭਰੋਸਾ ਦਿੱਤਾ। ਹਰਜੋਤ ਬੈਂਸ ਵੱਲੋਂ ਸਾਡਾ ਐਮ. ਐਲ. ਏ. ਸਾਡੇ ਵਿਚ ਪ੍ਰੋਗਰਾਮ ਤਹਿਤ ਨਿਰੰਤਰ ਆਪਣੇ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਸਾਝੀ ਸੱਥ ਵਿਚ ਬੈਠ ਕੇ ਲੋਕਾਂ ਦੇ ਸਾਝੇ ਤੇ ਨਿੱਜੀ ਮਸਲੇ ਹੱਲ ਕੀਤੇ ਜਾਂਦੇ ਹਨ। ਉਨ੍ਹਾਂ ਵੱਲੋ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਲੋਕਾਂ ਦੇ ਮਸਲੇ ਸਾਝੇ ਤੇ ਸੁਹਿਰਦ ਵਾਤਾਵਰਣ ਵਿਚ ਹੱਲ ਕੀਤੇ ਜਾਣ, ਪਿੰਡਾਂ ਵਿੱਚ ਕੁੜੱਤਣ ਖਤਮ ਕਰਕੇ ਭਾਈਚਾਰਕ ਸਾਝ ਮਜਬੂਤ ਕੀਤੀ ਜਾਵੇ। ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਬਿਨਾ ਦੇਰੀ ਪਹੁੰਚਾਇਆ ਜਾਵੇ। ਬੜਾ ਪਿੰਡ ਅੱਪਰ ਦੇ ਨਿਵਾਸੀਆਂ ਨੇ ਹਰਜੋਤ ਬੈਂਸ ਕੈਬਨਿਟ ਮੰਤਰੀ ਪੰਜਾਬ ਦਾ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਮੁਸ਼ਕਿਲਾ ਹੱਲ ਕਰਨ ਤੇ ਵਿਕਾਸ ਦੀ ਰਫਤਾਰ ਨੂੰ ਗਤੀ ਦੇਣ ਲਈ ਵਿਸ਼ੇਸ ਧੰਨਵਾਦ ਕੀਤਾ।