ਲੁਧਿਆਣਾ, 09 ਅਪ੍ਰੈਲ (ਸਰਬਜੀਤ ਸਿੰਘ ਲੁਧਿਆਣਵੀ) : ਕਾਲੀ ਮਾਤਾ ਮੰਦਰ ਹੈਬੋਵਾਲ ਦੇ ਨੇੜੇ ਇੱਕ ਬੱਚਾ ਉਸਦੀ ਮਾਂ ਦੇ ਹੱਥੋਂ ਤਿਲਕ ਕੇ ਗੰਦੇ ਨਾਲੇ ‘ਚ ਜਾ ਡਿੱਗਾ, ਜਿਸ ਨੂੰ ਲੱਭਣ ਲਈ ਪੁਲਿਸ ਅਤੇ ਨਿਗਮ ਦੇ ਅਧਿਕਾਰੀ ਸਾਰੀ ਰਾਤ ਲੱਗੇ ਰਹੇ, ਪਰ ਐਤਵਾਰ ਦੁਪਿਹਰ ਨੂੰ ਬੱਚੇ ਦੀ ਲਾਸ਼ ਮਿਲੀ। ਜਿਸ ਦੀ ਪਛਾਣ ਹਿਮਾਂਸ਼ੂ (1 ਸਾਲ) ਵਜੋਂ ਹੋਈ ਹੈ। ਸਥਾਨਕ ਇਲਾਕੇ ਦੇ ਲੋਕਾਂ ਨੇ ਮ੍ਰਿਤਕ ਬੱਚੇ ਦੀ ਮਾਂ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਪਹਿਲਾਂ ਬੱਚੇ ਦੀ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਉਸਨੂੰ ਨਾਲ ਵਿੱਚ ਸੁੱਟ ਕੇ ਉੱਥੋਂ ਭੱਜ ਗਈ। ਦੂਸਰੇ ਪਾਸੇ ਮ੍ਰਿਤਕ ਬੱਚੇ ਹਿਮਾਂਸ਼ੂ ਦੀ ਮਾਂ ਹੋ ਹੈਬੋਵਾਲ ਵਿੱਚ ਹੀ ਕਿਰਾਏ ਦੇ ਘਰ ਵਿੱਚ ਰਹਿੰਦੀ ਹੈ ਨੇ ਆਪਣੇ ਤੇ ਲਗਾਏ ਝੂਠੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਆਪਣੇ ਬੱਚੇ ਨੂੰ ਲੈ ਕੇ ਨਾਲੇ ਕੋਲੋਂ ਜਾ ਰਹੀ ਸੀ ਕਿ ਇਸ ਦੌਰਾਨ ਇੱਕ ਬਾਈਕ ਉਸਦੇ ਸਾਹਮਣੇ ਆ ਗਈ, ਜਿਸ ਕਾਰਨ ਉਸਦਾ ਬੱਚਾ ਉਸਦੇ ਹੱਥੋਂ ਤਿਲਕ ਗਿਆ ਤੇ ਨਾਲੇ ਵਿੱਚ ਡਿੱਗ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੇ ਦੀ ਲਾਸ਼ ਨੂੰ ਬਰਾਮਦ ਕਰਲਿਆ ਗਿਆ ਹੈ, ਉਨ੍ਹਾਂ ਦੱਸਿਆ ਕਿ ਸਾਰੀ ਰਾਤ ਕਰੇਨ ਦੀ ਮੱਦਦ ਨਾਲ ਬੱਚੇ ਦੀ ਭਾਲ ਕੀਤੀ ਗਈ, ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਬੱਚੇ ਨੂੰ ਨਾਲੇ ਵਿੱਚ ਸੁੱਟਣ ਦੇ ਮਾਂ ਉੱਪਰ ਦੋਸ਼ ਲਗਾਏ ਹਨ, ਜਿਸ ਦੀ ਜਾਂਚ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਤਾਂ ਜੋ ਅਸਲ ਕਾਰਨਾਂ ਦਾ ਪਤਾ ਲੱਗ ਸਕੇ।