ਮਨੁੱਖਾਂ ਦੀ ਜਨਮ ਤੋਂ ਲੈ ਕੇ ਮਰਨ ਤੱਕ ਰੁੱਖਾ ਨਾਲ ਸਾਂਝ ਰਹਿੰਦੀ ਹੈ-ਵਿਧਾਇਕ ਸੇਖੋਂ

  • 6.66 ਲੱਖ ਪੌਦਾ ਲਗਾਉਣ ਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਦਿੱਤੀ ਵਧਾਈ
  • ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਿਧਾਇਕ ਸੇਖੋਂ ਅਤੇ ਡੀ.ਸੀ ਵਿਨੀਤ ਕੁਮਾਰ ਨੇ ਲਗਾਏ ਪੌਦੇ
  • ਜਿਲ੍ਹਾ ਵਾਸੀਆ ਨੂੰ ਵਣ ਮਹਾਂਉਤਸਵ ਤਹਿਤ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਕੀਤੀ ਅਪੀਲ

ਫਰੀਦਕੋਟ 6 ਅਗਸਤ 2024 : ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ, ਕੁਝ ਰੁੱਖ ਨੂੰਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ, ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ । ਸ਼ਿਵ ਕੁਮਾਰ ਬਟਾਲਵੀ ਵੱਲੋਂ ਲਿਖੀਆਂ ਇਨ੍ਹਾਂ ਸਤਰਾਂ ਨੂੰ ਅੱਜ 76ਵੇਂ ਵਣ ਮਹਾਂਉਤਸਵ ਮੌਕੇ ਚੇਤੇ ਕਰਦਿਆਂ ਫਰੀਦਕੋਟ ਵਿਧਾਇਕ ਗੁਰਦਿੱਤ ਸੇਖੋਂ ਨੇ ਜਿਲ੍ਹਾ ਪ੍ਰਸ਼ਾਸਨ ਦੇ ਸਮੂਹ ਵਿਭਾਗਾਂ ਨੂੰ ਜ਼ਿਲ੍ਹੇ ਵਿੱਚ 6.66 ਲੱਖ ਬੂਟੇ ਲਗਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਦਾ ਸਿਹਰਾ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੂੰ ਜਾਂਦਾ ਹੈ ਜਿਨ੍ਹਾਂ ਦੀ ਯੋਗ ਅਗਵਾਈ ਤਹਿਤ ਇਹ ਉਪਰਾਲਾ ਕੀਤਾ ਗਿਆ ਹੈ ।ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬਾ ਪੱਧਰੀ ਵਣ ਮਹਾਂਉਤਸਵ ਮਨਾਉਣ ਮੌਕੇ ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵੱਲੋਂ ਜਿਲ੍ਹਾਂ ਪ੍ਰਬੰਧਕੀ ਕੰਪਲੈਕਸ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਵਿਧਾਇਕ ਸ. ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਬਣਾਇਆ ਜਾਵੇ ਅਤੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਵਣ ਮਹਾਂਉਤਸਵ ਮੌਕੇ ਪੂਰੇ ਪੰਜਾਬ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ, ਆਪਣੇ ਘਰ ਅਤੇ ਆਪਣੇ ਜਿਲ੍ਹੇ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਈਏ, ਤਾਂ ਜੋ ਆਕਸੀਜਨ ਦੀ ਕੋਈ ਕਮੀ ਨਾ ਰਹੇ ਅਤੇ ਵਾਤਾਵਰਨ ਸੰਤੁਲਿਤ ਬਣਿਆ ਰਹੇ। ਉਨ੍ਹਾਂ ਕਿਹਾ ਕਿ ਰੁੱਖ ਅਤੇ ਮਨੁੱਖ ਦੀ ਜਨਮ ਤੋਂ ਲੈ ਕੇ ਉਸ ਤੇ ਆਖਰੀ ਸਮੇਂ ਤੱਕ ਰੁੱਖਾ ਨਾਲ ਸਾਂਝ ਰਹਿੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬਾਰਿਸ਼ ਦਾ ਮੌਸਮ ਪੌਦੇ ਲਗਾਉਣ ਲਈ ਬਹੁਤ ਹੀ ਢੁੱਕਵਾਂ ਅਤੇ ਸਰਕਾਰ ਵੱਲੋਂ ਮੁਫਤ ਵਿੱਚ ਪੌਦੇ ਵੰਡੇ ਜਾ ਰਹੇ ਹਨ, ਅਤੇ ਲੋਕਾਂ ਨੂੰ ਖਾਲੀ ਥਾਵਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਵਣ ਵਿਭਾਗ ਫਰੀਦਕੋਟ ਵੱਲੋਂ ਜਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਪੌਦੇ ਤਿਆਰ ਕਰਨ ਲਈ ਚਾਰ ਨਰਸਰੀਆਂ ਬਣਾਈਆਂ ਗਈਆਂ ਹਨ, ਜਿਹੜੀਆਂ ਕਿ ਰਾਜਸਥਾਨ ਫੀਡਰ ਨਹਿਰ  ਫਰੀਦਕੋਟ, ਬਾਬਾ ਫਰੀਦ ਨਰਸਰੀ ਨੇੜੇ ਮੌੜ ਫਾਰਮ, ਢਿੱਲਵਾਂ ਕਲਾਂ ਅਤੇ ਬੀੜ ਘੁਗਿਆਣਾ ਨਰਸਰੀ ਵਿਖੇ ਚੱਲ ਰਹੀਆਂ ਹਨ । ਇਨ੍ਹਾਂ ਨਰਸਰੀਆਂ ਵਿੱਚ 11.50 ਲੱਖ ਦੇ ਕਰੀਬ ਵੱਖ ਵੱਖ ਕਿਸਮਾਂ ਦੇ ਪੌਦੇ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਫਰੀਦਕੋਟ ਵਿੱਚ 8 ਲੱਖ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਵਿੱਚੋਂ 6.66 ਲੱਖ ਪੌਦਾ ਵੱਖ ਵੱਖ ਵਿਭਾਗਾਂ ਵੱਲੋਂ ਲਗਾਇਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਜਿਲ੍ਹੇ ਦੇ ਵਾਸੀਆਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਜੰਗਲਾਤ ਵਿਭਾਗ ਵੱਲੋਂ ਵੱਡੀ ਪੱਧਰ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਅਤੇ  ਹੋਰ ਸੰਸਥਾਵਾਂ ਨੂੰ ਮੁਫਤ ਪੌਦੇ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਲ੍ਹੇ ਦੀਆਂ ਵੱਖ ਵੱਖ ਸਵੈ ਸੇਵੀ ਤੇ ਵਾਤਾਵਰਨ ਨੂੰ ਬਚਾਉਣ ਵਾਲੀਆਂ ਸਮਾਜਿਕ ਸੰਸਥਾਵਾਂ ਵੀ ਇਸ ਕੰਮ ਵਿਚ ਵਧ ਚੜ੍ਹ ਕੇ ਯੋਗਦਾਨ ਦੇ ਰਹੀਆਂ ਹਨ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਬੂਟੇ ਕੇਵਲ ਲਗਾ ਕੇ ਨਾ ਛੱਡਣ ਬਲਕਿ ਉਨ੍ਹਾਂ ਦੀ ਦੇਖਭਾਲ ਵੀ ਕਰਨ, ਤਾਂ ਜੋ ਬੂਟੇ ਗਰਮੀ ਜਾਂ ਪਾਣੀ ਦੀ ਕਮੀ ਕਾਰਨ ਮਰ ਨਾ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਜਗਜੀਤ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਸ. ਅਮਨਦੀਪ ਸਿੰਘ ਬਾਬਾ, ਵਣ ਬਲਾਕ ਅਫਸਰ ਸ੍ਰੀ ਸਰਬਜੀਤ ਸ਼ਰਮਾ, ਸ੍ਰੀ ਮਨਜਿੰਦਰ ਸਿੰਘ ਅਤੇ ਸ੍ਰੀ ਕੁਲਦੀਪ ਸਿੰਘ, ਸ੍ਰੀਮਤੀ ਗੁਰਪ੍ਰੀਤ ਕੌਰ ਵਣ ਗਾਰਡ, ਸ੍ਰੀ ਅਮਨਦੀਪ ਸਿੰਘ ਵਣ ਗਾਰਡ ਹਾਜ਼ਰ ਸਨ।