- ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਰੱਖਿਆ ਨੀਂਹ ਪੱਥਰ
ਜਲਾਲਾਬਾਦ 11 ਮਾਰਚ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਵਿਕਸਿਤ ਕਰਨ ਲਈ ਲਗਾਤਾਰ ਠੋਸ ਉਪਰਾਲੇ ਕਰ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਦੇ ਨੌਜਵਾਨਾਂ ਨੂੰ ਵੱਡੀ ਸੌਗਾਤ ਦਿੱਤੀ ਗਈ ਹੈ। ਇਹ ਜਾਣਕਾਰੀ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦਿੱਤੀ। ਉਹ ਇੱਥੇ ਬਣਨ ਵਾਲੇ ਬੈਡਮਿੰਟਨ ਸਿੰਥੈਟਿਕ ਕੋਰਟ ਦੇ ਨੀਂਹ ਪੱਥਰ ਤੋਂ ਬਾਅਦ ਬੋਲ ਰਹੇ ਸਨ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲਾਲਾਬਾਦ ਵਿਖੇ 1.5 ਕਰੋੜ ਰੁਪਏ ਦੀ ਲਾਗਤ ਨਾਲ ਇਹ ਬੈਡਮਿੰਟਨ ਸਿੰਥੈਟਿਕ ਕੋਰਟ ਬਣੇਗਾ ਜਿਸ ਨਾਲ ਜਲਾਲਾਬਾਦ ਇਲਾਕੇ ਦੇ ਖਿਡਾਰੀਆਂ ਨੂੰ ਇੱਕ ਵੱਡੀ ਸਹੂਲਤ ਮਿਲੇਗੀ ਅਤੇ ਵਿਸ਼ਵ ਪੱਧਰੀ ਮਿਆਰਾਂ ਦੇ ਅਨੁਸਾਰ ਉਨ੍ਹਾਂ ਨੂੰ ਆਪਣੀ ਖੇਡ ਤਿਆਰੀਆਂ ਲਈ ਬੈਡਮਿੰਟਨ ਸਿੰਥੈਟਿਕ ਕੋਰਟ ਮਿਲੇਗਾ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਰਾਜ ’ਚ ਖੇਡ ਸੱਭਿਆਚਾਰ ਵਿਕਸਿਤ ਕਰ ਰਹੀ ਹੈ ਅਤੇ ਇਸੇ ਲਈ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਸਨ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਵਿਧਾਇਕ ਨੇ ਹਲਕੇ ਦੇ ਨੌਜਵਾਨਾਂ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਦੀ ਮੰਗ ਤੇ ਇਹ ਮਹੱਤਵਪੂਰਨ ਸਟੇਡੀਅਮ ਇੱਥੇ ਬਣਾਇਆ ਜਾ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਇਹ ਸਟੇਡੀਅਮ ਜਲਦ ਹੀ ਬਣ ਕੇ ਤਿਆਰ ਹੋ ਜਾਵੇਗਾ ਜਿਸ ਦੇ ਨਾਲ ਬੈਡਮਿੰਟਨ ਖੇਡਣ ਵਾਲੇ ਨੌਜਵਾਨਾਂ ਨੂੰ ਇਸ ਦਾ ਬਹੁਤ ਲਾਭ ਹੋਵੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਨੌਜਵਾਨ ਸਾਡੇ ਸੂਬੇ ਦੀ ਸ਼ਕਤੀ ਹਨ, ਜਰੂਰਤ ਹੈ ਇੰਨ੍ਹਾਂ ਦੀ ਸ਼ਕਤੀ ਨੂੰ ਸਹੀ ਦਿਸ਼ਾ ਦੇਣ ਦੀ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਖੇਡ ਮੈਦਾਨ ਸਾਡੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਗੇ ਜਦ ਕਿ ਸਾਡੇ ਨੌਜਵਾਨ ਤਿਆਰੀ ਕਰਕੇ ਕੌਮਾਂਤਰੀ ਮੈਡਲ ਜਿੱਤਣਗੇ ਤਾਂ ਉਹ ਬੂਰੀਆਂ ਅਲਾਮਤਾਂ ਤੋਂ ਵੀ ਦੂਰ ਰਹਿਣਗੇ ਅਤੇ ਹੋਰਨਾਂ ਲਈ ਵੀ ਪ੍ਰੇਰਣਾ ਸ਼੍ਰਰੋਤ ਬਣਨਗੇ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮਨ ਦੇਵ ਰਾਜ ਸ਼ਰਮਾ, ਕਾ.ਪਵਨ ਅਰੋੜਾ, ਨਗਰ ਕੌਂਸਲ ਜਲਾਲਾਬਾਦ ਵਾਇਸ ਪ੍ਰਧਾਨ ਰਸ਼ਪਾਲ ਸਿੰਘ ਢੋਲਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਪਤਾਨ ਛਾਬੜਾ, ਆਪ ਆਗੂ ਜਰਨੈਲ ਸਿੰਘ , ਆਪ ਆਗੂ ਸ਼ੇਰਬਾਜ ਸੰਧੂ , ਬਹੁਮੰਤਵੀ ਖੇਡ ਸਟੇਡੀਅਮ ਦੇ ਨਵੇਂ ਚੇਅਰਮੈਨ ਅੰਤਿਕ ਕਟਾਰੀਆ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਵੀ ਹਾਜ਼ਰ ਸਨ।