- ਹਜ਼ਾਰਾਂ ਸ਼ਰਧਾਲੂਆਂ ਨੇ 7 ਦਿਨ ਸਵੇਰੇ 4 ਵਜੇ ਤੋਂ 6 ਵਜੇ ਤੱਕ ਸਿੱਖੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੀ ਜਾਚ
ਪਟਿਆਲਾ, 16 ਅਪ੍ਰੈਲ : ਸ੍ਰੀ ਗੁਰੂ ਨਾਨਕ ਮਿਸ਼ਨ ਵੱਲੋਂ ਬੀਬੀ ਬਲਜੀਤ ਕੌਰ ਖ਼ਾਲਸਾ ਕੈਨੇਡਾ ਵੱਲੋਂ ਇੱਥ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਲ ਰੋਡ ਵਿਖੇ ਅਨੰਦਮਈ ਜੀਵਨ ਜਿਉਣ ਦੀ ਕਲਾ ਸਿਖਾਉਣ ਦਾ 7 ਰੋਜ਼ਾ ਕੈਂਪ ਅੱਜ ਸਵੇਰੇ ਜੈਕਾਰਿਆਂ ਦੀ ਗੂੰਜ 'ਚ ਸਮਾਪਤ ਹੋ ਗਿਆ। ਕੈਂਪ 'ਚ ਬੀਬੀ ਬਲਜੀਤ ਕੌਰ ਖ਼ਾਲਸਾ ਨੇ ਹਜ਼ਾਰਾਂ ਦੀ ਗਿਣਤੀ 'ਚ ਰੋਜ ਸਵੇਰੇ 4 ਵਜੇ ਤੋਂ ਵੀ ਪਹਿਲਾਂ ਹਾਜਰ ਹੋਣ ਵਾਲੀ ਸੰਗਤ ਨੂੰ ਅੰਮ੍ਰਿਤ ਵੇਲੇ ਦੀ ਸੰਭਾਂਲ, ਚੜ੍ਹਦੀਕਲਾ ਤੇ ਪ੍ਰਸੰਨਚਿਤ ਰਹਿਣਾ, ਸਰੀਰਕ ਤੇ ਮਾਨਸਿਕ ਤੰਦਰੁਸਤੀ, ਚਿੰਤਾ, ਡਿਪਰੈਸ਼ਨ ਤੇ ਤਨਾਅ ਤੋਂ ਮੁਕਤੀ ਦੇ ਗੁਰ ਸਿਖਾਏ ਨਾਲ ਹੀ ਨਸ਼ਿਆਂ ਤੋਂ ਰਹਿਤ ਦਵਾਈਆਂ ਤੋਂ ਛੁਟਕਾਰਾ ਪਾਉਣ ਦੀ ਜੁਗਤ ਵੀ ਸਿਖਾਈ। ਉਨ੍ਹਾਂ ਨੇ ਸਿੱਖ ਇਤਿਹਾਸ ਤੋਂ ਉਦਾਹਰਣਾਂ ਦੇ ਕੇ ਗੁਰਬਾਣੀ ਦੇ ਲੜ ਲੱਗਣ ਦੀ ਪ੍ਰੇਰਣਾ ਦਿੱਤੀ। ਬੀਬੀ ਬਲਜੀਤ ਕੌਰ ਖ਼ਾਲਸਾ ਨੇ ਸਿਮਰਨ ਸਾਧਨਾ, ਯੋਗ ਅਭਿਆਸ, ਪ੍ਰਾਣਾਯਾਮ ਤੇ ਹੱਥਾਂ ਦੀਆਂ ਵੱਖ-ਵੱਖ ਮੁਦਰਾਵਾਂ ਵੀ ਸਿਖਾਈਆਂ। ਉਨ੍ਹਾਂ ਦੇ ਸਪੁੱਤਰ ਭਾਈ ਅਮਰਦੀਪ ਸਿੰਘ ਨੇ ਕੈਂਪ ਦੌਰਾਨ ਰੋਜ ਸਵੇਰੇ ਸਮੇਂ ਸਭ ਤੋਂ ਪਹਿਲਾਂ ਸਰੀਰਕ ਕਸਰਤਾਂ ਕਰਵਾ ਕੇ ਸਰੀਰਕ ਤੰਦਰੁਸਤੀ ਬਾਰੇ ਜਾਣਕਾਰੀ ਦਿੱਤੀ। ਕੈਂਪ ਦੀ ਸਮਾਪਤੀ ਮੌਕੇ ਬੀਬੀ ਬਲਜੀਤ ਕੌਰ ਖ਼ਾਲਸਾ ਨੇ ਸ੍ਰੀ ਗੁਰੂ ਨਾਨਕ ਮਿਸ਼ਨ ਵੱਲੋਂ ਗੁਰਦੁਆਰਾ ਸ੍ਰੀ ਅਨੰਦਸਰ ਸਾਹਿਬ ਦੁਨੇਰਾ-ਡਲਹੌਜ਼ੀ ਰੋਡ ਵਿਖੇ 27 ਤੋਂ 30 ਅਪ੍ਰੈਲ ਤੱਕ ਲੱਗਣ ਵਾਲੇ ਐਡਵਾਂਸ ਕੈਂਪ ਬਾਰੇ ਵੀ ਜਾਣਕਾਰੀ ਦਿੱਤੀ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਬਲਜਿੰਦਰ ਸਿੰਘ ਬੇਦੀ ਤੇ ਇੰਦਰਮੋਹਨ ਸਿੰਘ ਬਜਾਜ਼ ਤੇ ਪਟਿਆਲਾ ਦੀ ਸੰਗਤ ਤੇ ਸ੍ਰੀ ਗੁਰੂ ਨਾਨਕ ਮਿਸ਼ਨ ਦੇ ਸਥਾਨਕ ਵਲੰਟੀਅਰਾਂ ਨੇ ਬੀਬੀ ਬਲਜੀਤ ਕੌਰ ਖ਼ਾਲਸਾ ਤੇ ਭਾਈ ਅਮਰਦੀਪ ਸਿੰਘ ਨੂੰ ਸਨਮਾਨਤ ਵੀ ਕੀਤਾ।