ਮੁੱਲਾਂਪੁਰ ਦਾਖਾ, 23 ਨਵੰਬਰ (ਸਤਵਿੰਦਰ ਸਿੰਘ ਗਿੱਲ) : ਸਥਾਨਕ ਕਸਬੇ ਅੰਦਰ ਅਸਤਾਨਾ ਬਾਬਾ ਸਮਾਏਦੀਨ ਸ਼ਾਹ ਜੀ ਦੀ ਦਰਗਾਹ ’ਤੇ ਪੀਰ ਲੱਖਾਂ ਦਾਤਾ ਜੀ ਦਾ ਸਾਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਮੁੱਖ ਸੇਵਾਦਾਰ ਸੋਮਾ ਦੇ ਪਰਿਵਾਰ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਕਰਵਾਇਆ ਗਿਆ। ਬਾਬਾ ਜੀ ਦੀ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਰਸਮ ਡੀ.ਐੱਸ.ਪੀ ਅਮਨਦੀਪ ਸਿੰਘ ਅਤੇ ਐੱਸ.ਐੱਚ.ਓ ਸਿਕੰਦਰ ਸਿੰਘ ਚੀਮਾਂ ਵੱਲੋਂ ਕੀਤੀ ਗਈ ਅਤੇ ਮੇਲੇ ਦੀ ਸ਼ੁਰੂਆਤ ਦੋਵਾਂ ਅਧਿਕਾਰੀਆਂ ਵੱਲੋਂ ਰੀਬਨ ਕੱਟ ਕੇ ਕੀਤੀ ਗਈ। ਮੇਲੇ ਵਿਚ ਜਿੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਆਪਣੇ ਮਨ ਦੀਆਂ ਮੁਰਾਦਾਂ ਮੰਗੀਆਂ ਉੱਥੇ ਹੀ ਦਰਜਨ ਤੋਂ ਵਧੇਰੇ ਕਲਾਕਾਰਾਂ ਨੇ ਬਾਬਾ ਜੀ ਦਾ ਗੁਣਗਾਨ ਕੀਤਾ। ਇਸ ਮੌਕੇ ਸੰਗਤਾਂ ਲਈ ਕੌਫੀ, ਟਿੱਕੀਆਂ, ਮਿੱਠੀ ਅਨਾਜ ਅਤੇ ਲੰਗਰ ਆਦਿ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੱਭਿਆਚਾਰਕ ਮੇਲਾ ਵੀ ਕਰਵਾਇਆ ਜਾਵੇਗਾ, ਜਿਸ ਵਿਚ ਮਿੰਟੂ ਬਲਾਚੌਰ, ਨਿਰਮਲ ਨਿੰਮਾ- ਬੀਬੀ ਸੰਦੀਪ ਸੋਨੀਆ ਰਾਏਕੋਟ, ਸੁਖਵੰਤ ਸੁੱਖਾ, ਕਸ਼ਮੀਰ ਸੰਧੂ, ਲਵਪ੍ਰੀਤ, ਜਸਵੀਰ ਭੰਵਰਾ, ਗੁਰਤੇਜ ਕੋਮਲ, ਮਿੰਨੀ ਮਾਣਕ, ਰਾਜ ਸਹੌਤਾ, ਵਿੱਕੀ ਮਾਨ, ਲੱਖੀ ਢੱਟ, ਪਰੇਮ ਲਤਾ ਅਤੇ ਗੋਗੀ ਬਰਸਾਲ ਤੋਂ ਇਲਾਵਾ ਹੋਰ ਕਲਾਕਾਰਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕਰ ਕੇ ਸਰੋਤਿਆਂ ਨੂੰੰ ਮੰਤਰ-ਮੁਗਧ ਕੀਤਾ। ਹਾਜਰੀਨ ’ਚ ਗੋਰੀ ਯੂ.ਐੱਸ.ਏ, ਖਜਾਨਚੀ ਨਿੱਕਾ ਸੇਵਾਦਾਰ, ਲਵਲੀ, ਪੱਤਰਕਾਰ ਮਲਕੀਤ ਸਿੰਘ, ਰਾਹੁਲ ਗਰੋਵਰ, ਬਿੱਟੂ ਸਮੇਤ ਹੋਰ ਵੀ ਹਾਜਰ ਸਨ।