ਮਾਨਸਾ, 09 ਅਪ੍ਰੈਲ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪ ਸਰਕਾਰ ਤੇ ਮਹਲਾ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੂੀ ਅਗਵਾਈ ਵਾਲੀ ਸਰਕਾਰ ਦਾ ਇਰਾਦਾ ਉਨ੍ਹਾਂ ਨੂੰ ਇਨਸਾਫ ਦਿਵਾਉਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਬਣਨ ਤੋਂ ਪਹਿਲਾਂ ਦੂਜੀਆਂ ਪਾਰਟੀਆਂ ਤੇ ਤੰਨਜ਼ ਕਸਦੇ ਸਨ ਤੇ ਕਹਿੰਦੇ ਸਨ, ਤੇ ਹੁਣ ਉਹ ਖੁਦ ਮੁੱਖ ਮੰਤਰੀ ਹਨ, ਹੁਣ ਕੰਮ ਕਰਕੇ ਦਿਖਾਉਣ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ‘ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਸਵਾਮੀ ਨਾਥਨ ਰਿਪੋਰਟ ਲਾਗੂ ਕਰਨ ਦੀਆਂ ਗੱਲਾਂ ਕਰਦੇ ਸਨ, ਹੁਣ ਉਹ ਖੁਦ ਮੁੱਖ ਮੰਤਰੀ ਹਨ ਫਿਰ ਕਿਉਂ ਨਹੀਂ ਲਾਗੂ ਕਰਦੇ ਸਵਾਮੀ ਨਾਥਨ ਰਿਪੋਰਟ।ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਲਾਂ ਦਾ ਜਲੰਧਰ ਦੀ ਜ਼ਿਮਨੀ ਚੋਣ ‘ਚ ਜਵਾਬ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਲੋਕਾਂ ਨੂੰ ਚੁਟਕਲੇ ਸੁਣਾ ਕੇ ਸੱਤਾ ਹਾਸਲ ਕੀਤੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਅੱਜ ਸਰਕਾਰ ਕਰ ਕੀ ਰਹੀ ਹੈ, ਜਦੋਂ ਗੈਂਗਸਟਰ ਜੇਲ੍ਹ ‘ਚੋ ਇੰਟਰਵਿਊ ਦੇ ਰਹੇ ਹਨ, ਇਸ ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਇੱਕ ਕੈਦੀ ਨੇ ਖੁਲਾਸਾ ਕੀਤਾ ਕਿ ਜੇਲ੍ਹ ‘ਚ ਕੀ ਹੋ ਰਿਹਾ ਹੈ ਤਾਂ ਉਸ ਤੇ ਸਰਕਾਰ ਨੇ ਮਾਮਲਾ ਦਰਜ ਕਰਲਿਆ ਹੈ। ਇਸ ਤੋਂ ਹੀ ਪਤਾ ਲੱਗਦਾ ਹੈ ਕਿ ਸਰਕਾਰ ਦੀ ਮਨਸਾ ਕੀ ਹੈ। ਬਲਕੌਰ ਸਿੰਘ ਸਿੱਧੂ ਨੇ ਕਿਹਾ ਜਿੰਨੀ ਦੇਰ ਉਸ ਦੇ ਪੁੱਤ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਪੁਲਿਸ ਗ੍ਰਿਫਤ ‘ਚ ਨਹੀਂ ਆਉਂਦੇ ਉਹ ਇਨਸਾਫ ਦੀ ਮੰਗ ਕਰਦੇ ਰਹਿਣਗੇ, ਭਾਵੇਂ ਉਨ੍ਹਾਂ ਨੁੰ ਇਸ ਲਈ ਕੁੱਝ ਵੀ ਕਰਨਾ ਪਵੇ।