- ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਦਿੱਤੀ ਜਾਵੇਗੀ ਜਾਣਕਾਰੀ
- ਜਾਗਰੂਕਤਾ ਵੈਨ 08 ਮਾਰਚ ਤੱਕ ਲੋਕਾਂ ਨੂੰ ਵੋਟ ਬਣਾਉਣ ਤੇ ਉਸ ਦੇ ਇਸਤੇਮਾਲ ਸਬੰਧੀ ਦੇਵੇਗੀ ਜਾਣਕਾਰੀ
- ਵੋਟਰ ਜਾਗਰੂਕਤਾ ਵੈਨ ਸਬ ਡਵੀਜ਼ਨ ਬਸੀ ਪਠਾਣਾ ਦੇ ਪਿੰਡਾਂ ਲਈ ਕੀਤੀ ਗਈ ਰਵਾਨਾਂ
ਫ਼ਤਹਿਗੜ੍ਹ ਸਾਹਿਬ, 15 ਫਰਵਰੀ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਆਮ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਵੈਨਾਂ ਤਿਆਰ ਕਰਵਾਈਆਂ ਗਈਆਂ ਹਨ ਜੋ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਵੋਟ ਬਣਾਉਣ ਅਤੇ ਉਸ ਦੇ ਸਹੀ ਇਸਤੇਮਾਲ ਬਾਰੇ ਜਾਗਰੂਕ ਕਰੇਗੀ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੋਟਰ ਜਾਗਰੂਕਤਾ ਵੈਨ ਬਾਰੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਜਾਗਰੂਕਤਾ ਵੈਨ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਜਾਗਰੂਕਤਾ ਮੁਹਿੰਮ ਚਲਾਵੇਗੀ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜਾਗਰੂਕਤਾ ਵੈਨ 15,16 ਤੇ 19 ਫਰਵਰੀ ਨੂੰ ਵਿਧਾਨ ਸਭਾ ਹਲਕਾ 054-ਬਸੀ ਪਠਾਣਾ ਅਤੇ ਵਿਧਾਨ ਸਭਾ ਹਲਕਾ 056-ਅਮਲੋਹ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਵੈਨ ਰਾਹੀਂ ਈ.ਵੀ.ਐਮ. ਤੇ ਵੀ.ਵੀ.ਪੈਟ ਮਸ਼ੀਨਾਂ ਦੀ ਵਰਤੋਂ ਬਾਰੇ ਵੀ ਲੋਕਾਂ ਨੂੰ ਦੱਸਿਆ ਜਾਵੇਗਾ ਤਾਂ ਜੋ ਜ਼ਿਲ੍ਹੇ ਦੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਸਹੀ ਢੰਗ ਨਾਲ ਕਰ ਸਕਣ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਸਾਡੇ ਲੋਕਤੰਤਰ ਵਿੱਚ ਸਮੂਹ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਵੋਟ ਪਾਉਣਾ ਤੇ ਉਸ ਦਾ ਸਹੀ ਇਸਤੇਮਾਲ ਕਰਨਾ ਜਿਥੇ ਸਾਡੀ ਸਮਾਜਿਕ ਜਿੰਮੇਵਾਰੀ ਹੈ ਉਥੇ ਹੀ ਇਹ ਸਾਡਾ ਸੰਵਿਧਾਨਕ ਹੱਕ ਵੀ ਹੈ ਅਤੇ ਸਾਨੂੰ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਉਣ ਤੋਂ ਕਦੇ ਵੀ ਅਵੇਸਲਾ ਨਹੀਂ ਹੋਣਾ ਚਾਹੀਦਾ।